ਮਿੱਟੀ ਦੀ ਖੁਸ਼ਬੋ

ਇਸ ਮਿੱਟੀ ਦੀ ਖੁਸ਼ਬੋ, ਮੈਥੋਂ ਹਰਦਮ ਆਉਂਦੀ ਹੈ 

ਮੇਰਾ ਰੰਗਲਾ  ਵਿਰਸਾ ਮੈਨੂੰ ਯਾਦ  ਕਰਾਉਂਦੀ  ਹੈ

ਭੁੱਲ  ਕਿਵੇਂ  ਜਾਵਾਂ  ਮੈਂ ਡੁੱਲਿਆ ਖ਼ੂਨ ਸ਼ਹੀਦਾਂ ਦਾ !

ਉੱਧਮ ਸਿੰਹੁ ਦੀ ਸੂਰਤ ਮੈਨੂੰ ਆਣ ਜਗਾਉਂਦੀ ਹੈ

  ਇਸ ਮਿੱਟੀ ਦੀ ਖੁਸ਼ਬੋ,ਮੈਥੋਂ ਹਰਦਮ ਆਉਂਦੀ ਹੈ

ਮੇਰੇ ਵਤਨਾਂ ਦੀ ਮਿੱਟੀ  ਕਿਰਤੀ ਕਿਰਸਾਨਾਂ ਦੀ

ਵਾਰ ਗਏ  ਜੋ ਜਾਨਾਂ  ਫੌਜੀ  ਵੀਰ  ਜਵਾਨਾਂ ਦੀ

ਰੱਤੀ  ਭਰ  ਨਾ  ਡਰਦੇ  ਰੱਖਣ  ਮੋਢੇ ਡਾਂਗਾਂ ਜੋ

ਦਿੱਖ ਇਨ੍ਹਾਂ ਦੀ ਟਿੱਡੀ ਦਲ ਨੂੰ ਭਾਜੜ ਪਾਉਂਦੀ ਹੈ

  ਇਸ ਮਿੱਟੀ ਦੀ ਖੁਸ਼ਬੋ,ਮੈਥੋਂ ਹਰਦਮ ਆਉਂਦੀ ਹੈ

ਨਲਵੇ  ਵਰਗੇ  ਯੋਧੇ  ਜਾ ਖ਼ੈਬਰ ਨੂੰ ਮੱਲਦੇ ਨੇ

ਅਟਕ ਜਿਹੇ ਦਰਿਆ ਰੁਕ ਰੁਕ ਕੇ ਸਿਜਦੇ ਕਰਦੇ ਨੇ

ਠਾਂਨ ਲੈਣ ਤਾਂ ਦੁਨੀਆਂ ਭਰ ਵਿੱਚ ਝੰਡੇ ਗੱਡ ਆਵਣ

ਉੱਜੜ ਕੇ ਵੱਸ ਜਾਣ ਕਲਾ ਨਾਨਕ ਨੂੰ ਭਾਉਂਦੀ ਹੈ

  ਇਸ ਮਿੱਟੀ ਦੀ ਖੁਸ਼ਬੋ,ਮੈਥੋਂ ਹਰਦਮ ਆਉਂਦੀ ਹੈ

ਬੰਜਰ ਧਰਤੀ ਹਰੀ ਭਰੀ ਲਹਿਰਾਉਣ ਲੱਗਦੀ ਹੈ

ਮੋਰੀਂ ਰੁਣਝੁਣ,ਕੋਇਲ ਗੀਤ ਸੁਨਾਉਣ ਲੱਗਦੀ ਹੈ

ਜਦ   ਮੈਦਾਨੇ  ਭਰਦੇ  ਗਭਰੂ   ਦੱਮ  ਕਬੱਡੀ ਦਾ

'ਮਿੱਟੀ ਦੀ ਖੁਸ਼ਬੋ' ਉੱਡ ਉੱਡ ਕੇ ਰੂਹ ਮਹਿਕਾਉਂਦੀ ਹੈ

  ਇਸ ਮਿੱਟੀ ਦੀ ਖੁਸ਼ਬੋ,ਮੈਥੋਂ ਹਰਦਮ ਆਉਂਦੀ ਹੈ

📝 ਸੋਧ ਲਈ ਭੇਜੋ