ਲਾਏ ਅੰਬਰਾਂ ਨੇ ਐਵੇਂ ਇਲਜ਼ਾਮ ਜੋਗੀਆ
ਸਾਡੀ, ਮਿੱਟੀ ਨੂੰ ਹੀ ਸਦਾ ਹੈ ਸਲਾਮ ਜੋਗੀਆ।
ਜਿਹੜੀ ਮਿੱਟੀ ਕੋਲੋਂ ਮਿੱਟੀ ਨੂੰ ਆਰਾਮ ਨਾ ਮਿਲੇ
ਉਹਨੂੰ ਮੱਕਾ ਨਾ ਮਿਲੇ ਉਹਨੂੰ ਰਾਮ ਨਾ ਮਿਲੇ।
ਸ਼ਾਇਰਾਂ ਆਸ਼ਕਾਂ ਪੀਰਾਂ ਦਾ ਇੱਕੋ ਨਾਮ ਜੋਗੀਆ
ਲਾਏ ਅੰਬਰਾਂ ਨੇ ਐਵੇਂ ਇਲਜ਼ਾਮ ਜੋਗੀਆ
ਮਿੱਟੀ ਮਿਲ ਕੇ ਹੀ ਮਿੱਟੀ ਦਾ ਹੈ ਮੋਹ ਭੋਗਦੀ
ਮਿੱਟੀ ਮਿੱਟੀਆਂ ਤੋਂ ਮੰਗੇ ਸਦਾ ਭੀਖ ਜੋਗ ਦੀ।
ਮਿੱਟੀ ਵਿੱਛੜੇ ਤੇ ਜਿਉਣ ਹੈ ਹਰਾਮ ਜੋਗੀਆ
ਲਾਏ ਅੰਬਰਾਂ ਨੇ ਐਵੇਂ ਇਲਜ਼ਾਮ ਜੋਗੀਆ
ਜਿਹੜੇ ਮਿੱਟੀਆਂ ਦੇ ਮਨਾਂ ਵਿੱਚ ਫਿੱਕ ਪਾਣਗੇ
ਉਹੋ ਮਿੱਟੀਆਂ ਦੇ ਮਨਾਂ ਵਿੱਚੋਂ ਮਿਟ ਜਾਣਗੇ।
ਮਿੱਟੀ ਅੰਬਰੀ ਆਵੇਸ਼ ਇਲਹਾਮ ਜੋਗੀਆ
ਲਾਏ ਅੰਬਰਾਂ ਨੇ ਐਵੇਂ ਇਲਜ਼ਾਮ ਜੋਗੀਆ
ਜਾਤ ਮਿੱਟੀ ਦੀ ਜੋ ਪੁੱਛੇ ਰੁੱਖ ਸੁੱਕ ਜਾਣਗੇ
ਜਿਹੜੇ ਮਿੱਟੀ ਨਾਲੋਂ ਟੁੱਟੇ ਮਰ ਮੁੱਕ ਜਾਣਗੇ।
ਜੁੜੋ ਮਿੱਟੀ ਸੰਗ ਪੌਣਾਂ ਦਾ ਪੈਗਾਮ ਜੋਗੀਆ
ਲਾਏ ਅੰਬਰਾਂ ਨੇ ਐਵੇਂ ਇਲਜ਼ਾਮ ਜੋਗੀਆ