ਮੋਇਆਂ ਦੇ ਰਾਹ ਉੱਤੇ ਫ਼ਜਰੀਂ
'ਵਾਜ ਸੁਣੀਂ ਦਰਵੇਸ਼ਾਂ :
“ਦਰਦ ਮਿਟੀ ਪੈੜ ਦੇ ਲਿਆਉਣੇ
ਨਾਜ਼ਕ ਕੂੰਜ ਹਮੇਸ਼ਾਂ।
ਬਿਰਹੋਂ ਦੇ ਬੋਲ ਨੇ ਕਿਧਰੋਂ
ਬਾਜ਼ ਵਾਂਗ ਉੱਡ ਪੈਣਾ,
ਭੁੱਲੀ ਨਦੀ ਦੇ ਪੱਤਣਾਂ 'ਤੇ ਆ
ਰੋ ਪੈਣਾ ਪਰਦੇਸਾਂ।"
ਦੂਰ ਦੁਰੇਡੀਆਂ ਢੋਕਾਂ ਦੇ ਵਿਚ
ਰੰਗ ਢੋਲ ਦੀ ਧਮਕੇ
ਕਿਸੇ ਕੋਇਲ ਦੇ ਕੰਠ 'ਚ ਬਲਦੇ
ਵਸਲ ਦੇ ਪੈਂਡੇ ਦੇਖਾਂ।
ਫ਼ਜਰ ਤੋਂ ਆਥਣ ਤੱਕ ਦੀਆਂ ਗੱਲਾਂ
ਬ੍ਰਿਛ ਝਨਾਂ ਦੇ ਲਿਆਏ,
ਚਾਨਣੀਆਂ ਵਿਚ ਭੇਦ ਆ ਦੱਸੇ
ਵਿਛੜੇ ਯਾਰ ਦੇ ਲੇਖਾਂ।
ਮੇਰੇ ਜਜ਼ਬੇ ਦੀ ਟੀਸੀ ਤੋਂ
ਹੌਲ ਅੰਬਰ ਨੂੰ ਤੋੜੇ,
ਮਿਟਦੇ ਨਕਸ਼ ਨੂੰ ਤਦੋਂ ਜਗਾਇਆ
ਰਿੰਮ ਝਿੰਮ ਕਰਦੇ ਦੇਸਾਂ।
ਸੰਘਣੇ ਵਣ 'ਚੋਂ ਮੈਨੂੰ ਮੇਰੀ
ਤੁਰ ਗਈ 'ਵਾਜ ਸੁਣੀਵੇ,
ਪੁੰਨਿਆਂ ਨੂੰ ਮੁੜੀਆਂ ਜੋ ਲੰਘੀਆਂ
ਕੂੰਜਾਂ ਵਾਂਗ ਵਰੇਸਾਂ।
ਉਂਝ ਤਾਂ ਲੰਘੇ ਨਦੀ ਦੇ ਪਾਣੀ
ਫਿਰ ਨਹੀਂ ਮੁੜ ਕੇ ਆਉਣਾ,
ਕਾਲ 'ਚ ਡੁੱਬੀਆਂ ਜਿੰਦਾਂ ਆਉਣਾ
ਲਸ ਜੁਗਨੂੰ ਦੇ ਭੇਸਾਂ।
ਦੂਰ ਜਲੇ ਵਣ, ਪਰਬਤ ਟੁੱਟੇ,
ਥਲ ਧੂੜਾਂ ਵਿਚ ਰੁਲ ਗਏ,
ਲਹੂ-ਲੁਹਾਣ ਗਗਨ ਦੇ ਸੀਨੇ
ਸੁੰਨ ਸਰਾਪੀਆਂ ਨੇਸਾਂ !
ਪੀਰ ਪੈਗੰਬਰ ਸਤਿਗੁਰ ਜਿਹੜੀ
ਰਾਹ ਤੋਂ ਮੁੜ ਨਹੀਂ ਆਏ
ਅੱਜ ਉਹ ਘੋਰ ਕੁੰਟ 'ਚੋਂ ਆਈਆਂ
ਹਰੇ ਵਣਾਂ ਦੀਆਂ ਹੇਕਾਂ।