ਪੌਹ ਫੁਟਾਲੇ
ਮੇਹਤਰਾਂ ਦੀ ਮਦਦ ਨਾਲ
ਰੇਹੜੇ ਉੱਤੇ ਲਾਸ਼ ਲੱਦੀ ਜਾ ਰਹੀ ਸੀ
ਗਲ 'ਚ ਖੁੱਲ੍ਹੇ ਵਾਲ
ਪਤਨੀ ਪਿੱਟਦੀ ਦੋਹੱਥੜੀ ਕੁਰਲਾ ਰਹੀ ਸੀ
ਫ਼ਰਜ਼-ਬੱਧੀਆਂ ਕੁਝ ਨਰਸਾਂ ਸਨ ਉਦਾਲੇ
ਵੱਡੇ ਪੁੱਤਰ ਦੇ ਕਲਾਵੇ ਵਿਚ ਮਾਂ ਬੇਹੋਸ਼ ਸੀ
ਕੀ ਕਿਸੇ ਦਾ ਦੋਸ਼ ਸੀ।
ਲਾਸ਼ ਲੱਦੀ ਗਈ ਤਾਂ
ਇਕ ਚੁਕੰਨੀ ਨਰਸ ਨੇ ਕੋਲੋਂ ਕਿਹਾ
ਨਾਲ ਚਲਿਆ ਜਾਏ ਨਾ
ਮੋਮਜਾਮਾ ਲਾਸ਼ ਦੇ ਹੇਠਾਂ ਰਿਹਾ।
ਮਰਨ ਵਾਲੇ ਦੇ ਪਿਉ ਨੇ
ਆਪਣੇ ਪੁੱਤਰ ਦੇ ਹੇਠੋਂ
ਮਲਕ ਜਹੇ ਖਿਸਕਾ ਲਈ
ਉਹ ਸ਼ਫਾ-ਖ਼ਾਨੇ ਦੀ ਚੀਜ਼
ਬਿਰਧ ਸੋਗੀ ਕੰਬਦੇ ਹੱਥਾਂ ਦੇ ਵਿਚੋਂ
ਉਹ ਚੁਕੰਨੀ ਨਰਸ ਦੇ ਪੈਰਾਂ ਦੇ ਉੱਤੇ ਡਿਗ ਪਇ
ਮੱਥੇ ਤੇ ਪਾਕੇ ਤਿਊੜੀ
ਜਾਣ ਲੱਗੇ ਰੇਹੜੇ ਵੱਲ ਨੂੰ ਘੂਰ ਕੇ ਉਸ ਨੇ ਕਿਹਾ ਬਦਤਮੀਜ਼।