ਵਾਹ ਮਸੱਵਰਾ ਇਹ ਮੂਰਤਾਂ ਬਨਾਉਣ ਵਾਲਿਆ !
ਮਿਟੀ ਵਿਚ ਜਲਵੇ ਨੂਰ ਦੇ ਚਮਕਾਉਣ ਵਾਲਿਆ !
ਪਹਿਲੀ ਮੂਰਤ ਅਪਨੇ ਵਰਗੀ ਦੇਖਕੇ ਬਨਾਈ ਤੈਂ,
ਅਪਨੇ ਉਤੋਂ ਆਪੇ ਜਾਨ ਵਾਰ ਕੇ ਦਿਖਾਈ ਤੈਂ,
ਆਸ਼ਕ ਹੋਕੇ ਅਰਸ਼ ਫਰਸ਼ ਵਾਲੀ ਮੌਜ ਲਾਈ ਤੈਂ,
ਗਫਲਤ ਵਿਚੋਂ ਖ਼ਲਕਤ ਮਾਰ ਠੋਕਰਾਂ ਜਗਾਈ ਤੈਂ
ਬੁਰਕਾ ਮੀਮ ਪਾਕੇ ਜਗ ਨੂੰ ਭਰਮਾਉਣ ਵਾਲਿਆ
ਜਦੋਂ ਮੂਰਤਾਂ ਦਾ ਸ਼ੌਕ ਦਿਲ ਦੇ ਵਿਚ ਬਹਿ ਗਿਆ,
ਬਹੁਤ ਮੂਰਤਾਂ ਬਨਾਈਆਂ ਡਾਢਾ ਸ਼ੋਰ ਪੈ ਗਿਆ
ਖਾਕੀ ਮੂਰਤ ਦੇਖ ਨੂਰੀਆਂ ਦਾ ਮਾਨ ਢਹਿ ਗਿਆ,
ਝੁਕ ਜਾਓ ਅਗੇ ਉਸਦੇ ਮੂਰਤਾਂ ਨੂੰ ਆਪ ਕਹਿ ਗਿਆ
ਆਪ ਆਖ ਕੇ ਅਲਸਤ ਪਰਦਾ ਪਾਉਣ ਵਾਲਿਆ
ਅਪਣੀ ਹਟੀ ਵਿਚ ਮੂਰਤਾਂ ਸਜਾ ਕੇ ਦਸਦਾ,
ਸੋਹਣੀ ਮੂਰਤੀ ਜੇਹੜੀ ਉਹਦੇ ਵਿਚ ਨਹੀਓਂ ਵਸਦਾ
ਹੋਈਆਂ ਮੂਰਤਾਂ ਜ਼ਿਆਦਾ ਹਟੀ ਛਡ ਨਸਦਾ,
ਸ਼ੁਗਲ ਮੂਰਤਾਂ ਦੇ ਦੇਖ ਉਹਲੇ ਬਹਿ ਬਹਿ ਹਸਦਾ
ਗ਼ਮਜ਼ੇ ਹੁਸਨ ਤੇ ਅੰਦਾਜ਼ ਦੇ ਲੜਾਉਣ ਵਾਲਿਆ
ਆਪੇ ਮੂਰਤ ਹੁਸੈਨ ਤੈਂ ਬਣਾਈ ਜਾਣ ਕੇ,
ਨੂਰੀ ਨਾਰੀਆਂ ਦੀ ਹੋਸ਼ ਤੈਂ ਭੁਲਾਈ ਜਾਣ ਕੇ
ਇਜ਼ਤ ਦੇਕੇ ਆਪੇ ਖਾਕ ਵਿਚ ਰੁਲਾਈ ਜਾਣ ਕੇ,
ਆਪੇ ਗਲ ਕਹਿਕੇ ਪਿਛੋਂ ਉਲਟਾਈ ਜਾਣ ਕੇ
ਤੌਕ ਲਾਅਨਤ ਦਾ ਗਲੇ ਦੇ ਵਿਚ ਪਾਉਣ ਵਾਲਿਆ
ਵਾਰੋ ਵਾਰੀ ਵਿਚ ਮੂਰਤਾਂ ਦੇ ਆਂਵਦਾ ਰਿਹਾ,
ਕਾਰੀਗਰੀ ਤੇ ਮਸੱਵਰੀ ਜਤਾਂਵਦਾ ਰਿਹਾ
ਖਾਕੀ ਮੂਰਤ ਵਾਲ ਨੂਰ ਨੂੰ ਚਮਕਾਂਵਦਾ ਰਿਹਾ,
ਅਲਫ਼ ਮੀਮ ਇਕੋ ਸ਼ਾਨ ਇਹ ਸੁਣਾਂਵਦਾ ਰਿਹਾ
ਕਾਲਾ ਕੰਬਲ ਲੈਕੇ ਅਰਬ ਵਿਚ ਆਉਣ ਵਾਲਿਆ
ਹੈਰਤ ਗੁੰਮ ਹੁੰਦੀ ਤੇਰੀ ਇਹ ਮਅਮਾਰੀ ਦੇਖ ਕੇ,
ਸੋਹਣੀ ਮੂਰਤਾਂ ਦੀ ਨਕਸ਼ ਨਗਾਰੀ ਦੇਖ ਕੇ
ਮੂਰਤ ਸੂਰਤ ਉਤੇ ਮਰਦੀ ਸੋਹਣੀ ਪਿਆਰੀ ਦੇਖ ਕੇ
ਆਸ਼ਕ ਖਾਕੀ ਉਤੇ ਹੋ ਗਏ ਨੂਰੀ ਨਾਰੀ ਦੇਖ ਕੇ
ਸੋਹਣੀ ਸ਼ਕਲ ਅਰਬੀ ਅਹਿਮਦੀ ਬਨਾਉਣ ਵਾਲਿਆ
ਤੇਰਾ ਦਸਾਂ ਕੀ ਮਸੱਵਰਾ ਬਿਆਨ ਖੋਲ ਕੇ,
ਆਸ਼ਕ ਮੂਰਤਾਂ ਨੂੰ ਮੂਰਤਾਂ ਤੇ ਕਰੇਂ ਟੋਲ ਕੇ
ਆਯਾ ਤਰਸ ਨਾਹੀਂ ਤੈਨੂੰ ਮਾਰ ਰੋਲ ਰੋਲ ਕੇ,
ਹਸ਼ਮਤ ਸ਼ਾਹ ਤੈਨੂੰ ਦੁਖ ਕੀ ਸੁਨਾਵੇ ਫੋਲ ਕੇ
ਆਪੇ ਮੂਰਤਾਂ ਬਣਾਕੇ ਪਿਛੋਂ ਢਾਉਣ ਵਾਲਿਆ