ਠੰਡੇ ਬੁਰਜ ਵਿੱਚ ਕੈਦ ਸਾਹਿਬਜਾਦਿਆਂ ਦੀ
ਸੇਵਾ ਕਰਨ ਦਾ ਮਨ ਬਣਾਇਆ ਮੋਤੀ।
ਦਰਸਨ ਕਰਨ ਲਈ ਗੁਜਰੀ ਮਾਤ ਜੀ ਦੇ
ਵੱਲ ਬੁਰਜ ਦੇ ਚੱਲਕੇ ਆਇਆ ਮੋਤੀ।
ਛੰਨਾ ਦੁੱਧ ਦਾ ਇੱਕ ਸੀ ਗਰਮ ਕਰਕੇ
ਨਾਲ ਮੋਹਰਾਂ ਸੀ ਕੁੱਝ ਲਿਆਇਆ ਮੋਤੀ।
ਪਹਿਰੇਦਾਰ ਨੂੰ ਮੋਹਰਾਂ ਦੀ ਦੇ ਥੈਲੀ
ਅੰਦਰ ਬੁਰਜ ਦੇ ਕਦਮ ਟਿਕਾਇਆ ਮੋਤੀ।
ਸਾਹਮਣੇ ਵੇਖਕੇ ਮਾਤਾ ਤੇ ਸਾਹਿਬਜਾਦੇ
ਨਾਲ ਨਿਮਰਤਾ ਸੀ ਸੀਸ ਝੁਕਾਇਆ ਮੋਤੀ।
ਫੇਰ ਦੁੱਧ ਗਿਲਾਸਾਂ ਦੇ ਵਿੱਚ ਪਾਕੇ
ਗੁਰੂਲਾਲਾਂ ਦੇ ਤਾਈਂ ਛਕਾਇਆ ਮੋਤੀ।
ਸੇਵਾ ਕਰਕੇ ਮਾਤਾ ਤੇ ਬੱਚਿਆਂ ਦੀ
ਵੱਡਾ ਭਾਰੀ ਸੀ ਪੁੰਨ ਕਮਾਇਆ ਮੋਤੀ।
ਪਤਾ ਲੱਗਿਆ ਜਦੋਂ ਵਜ਼ੀਰ ਖਾਂ ਨੂੰ
ਗ੍ਰਿਫਤਾਰ ਕਰਕੇ ਗਿਆ ਬੁਲਾਇਆ ਮੋਤੀ।
ਛੋਟੇ ਪੁੱਤਰ ਤੇ ਪਤਨੀ ਨਾਲ ਸਜਾ ਦੇਕੇ
ਵਿੱਚ ਕੋਹਲੂ ਦੇ ਪੀੜ ਲੰਘਾਇਆ ਮੋਤੀ।
ਹੱਸ ਹੱਸ ਸਹੀਦੀ ਪਾ ਗਿਆ ਸੀ
ਨਹੀਂ ਮੌਤ ਨੂੰ ਵੇਖ ਘਬਰਾਇਆ ਮੋਤੀ।
ਮੋਤੀਰਾਮ ਮਹਿਰੇ ਸੇਵਾ ਕਰ ਐਮ.ਏ
ਜੀਵਨ ਹੀਰਿਆਂ ਵਾਂਗ ਚਮਕਾਇਆ ਮੋਤੀ।