-ੳ-
ਮੁੱਢ ਕਦੀਮ ਦੀਆਂ ਗਲੀਆਂ ਵਿਚ
ਮੁੜ ਆਈਆਂ ਤਿਰਕਾਲਾਂ।
ਮੌਤ ਦੇ ਮੇਲੇ ਦੇ ਵਿਚ ਜੁੜੀਆਂ
ਸਦੀਆਂ ਬੰਨ੍ਹ ਬੰਨ੍ਹ ਪਾਲਾਂ।
ਪੀਲੇ ਬੋਹੜ ਵਿਚ ਨੇ ਛੁਪੀਆਂ
ਪਾਟ ਗਗਨ ਦੀਆਂ ਛਾਵਾਂ।
ਰੁਲੇ ਖੰਡਰਾਂ ਦੀਆਂ ਆਹਟਾਂ ਦੇ
ਹੌਲ ਜਰਦੀਆਂ ਮਾਵਾਂ।
ਢੱਠੀਆਂ ਖ਼ਾਨਗਾਹਾਂ ਦੇ ਆਂਗਣ
ਰੋਹੀਆਂ ਚੋਲੇ ਸੀਵਣ,
ਵੱਢਿਆਂ ਰੁੱਖਾਂ ਦੇ ਧੂੜਾਂ 'ਚੋਂ
ਹੌਕੇ ਪਏ ਸੁਨੀਵਣ।
ਸੁੰਞੀਆਂ ਨਿੰਮਾਂ ਦੇ ਵਿਚ ਫੜਕਣ
ਕੋ ਮਜਲਿਸ ਦੇ ਹਾਸੇ,
ਮੁੱਢ ਕਦੀਮ ਦੀਆਂ ਗਲੀਆਂ ਦੇ
ਰਾਹ ਜਾਵਣ ਕਿਸ ਪਾਸੇ ?
ਧੀਮੀਆਂ ਧੀਮੀਆਂ ਲੂੰਆਂ ਵੇਖਣ
ਘੁਮਿ ਪੁਰਾਣੀਆਂ ਜੂਹਾਂ;
ਢੂੰਡ ਨ ਸਕੀਆਂ ਧਰਤੀ ਦਾ ਮਨ
ਨਾਜ਼ਕ ਘੁੰਮਦੀਆਂ ਰੂਹਾਂ।
ਕਿਸ ਦੇ ਸੁੰਞੇ ਸੱਥਰਾਂ ਸਾਵੇਂ
ਸਫਾਂ ਵਿਛਾਵਣ ਰੋਹੀਆਂ ?
ਸੂਲ ਸੁਰਾਹੀਆਂ ਅੰਧ ਸਮੇਂ ਦੀਆਂ
ਮੂੰਹ ਅੱਡ ਰਹਿਣ ਖਲੋਈਆਂ।
ਸੁੱਕੇ ਛੰਭਾਂ ਦੇ ਤਰਸੇਵੇਂ
ਧਾ ਲੱਗਣ ਅਸਮਾਨੇ।
ਚਿਰਾਂ ਦੇ ਭੁੱਲ ਚੁੱਕੇ ਨੇ ਪੰਖੀ
ਮੰਗੂਆਂ ਨਾਲ ਯਰਾਨੇ।
ਉੱਚੇ ਹੁਜਰੇ ਦੀ ਮੋਰੀ 'ਚੋਂ
'ਵਾਜ ਪੁਰਾਣੀ ਸੁਣਦੀ;
ਕਿੱਕਰਾਂ ਮਲ੍ਹੇ, ਫਲਾਹੀਆਂ ਓਹਲੇ
ਅੱਗ ਰੋਹੀਆਂ ਦੀਆਂ ਚੁਣਦੀ।
ਤਿਰਕਾਲਾਂ ਨੂੰ ਨੀਂਗਰ ਭੋਲੇ
ਖੇਡ ਰਹੇ ਘਰ ਬਾਰਾਂ।
ਵਰ੍ਹਿਆਂ ਪਿੱਛੋਂ ਗਲੀ ਗਲੀ ਵਿਚ
ਹਾਕ ਅਜਨਬੀ ਮਾਰਾਂ।
ਮੇਰੇ ਬੋਲ ਤਾਰਿਆਂ ਓਹਲੇ
ਭੈਅ ਵਿਚ ਦੂਰ ਖਲੋਏ।
ਸੁੰਝਾਂ ਤੱਕ ਗਲੀਆਂ ਵਿਚ ਮੈਨੂੰ
ਬੇਪਛਾਣ ਦਰ ਢੋਏ।
-ਅ-
ਰਾਤਾਂ ਨੂੰ ਕੁਝ ਸਮਝ ਨ ਪੈਂਦੀ
ਕਲਵਲ ਰਾਹ ਕੰਨਸੋਆਂ,
ਨਾਗ ਦਾ ਪਿੰਡਾ ਦੇਖ ਨ ਸਕੀਆਂ
ਤਾਰਾ-ਵਣ ਦੀਆਂ ਲੋਆਂ।
ਮੁੱਦਤਾਂ ਪਿੱਛੋਂ ਰੁਲਿਆ ਪੈਂਡਾ
ਤਨ-ਮਨ ਲਾਵੇ ਚੋਕਾਂ,
ਉਜੜੇ ਰਾਹਾਂ 'ਤੇ ਪਿੱਪਲਾਂ ਨੇ
ਫੇਰ ਬੁਲਾਈਆਂ ਝੋਕਾਂ।
ਫਾਹੀਆਂ ਚੁੰਮ੍ਹ ਸਬਰ ਦੇ ਰਾਹ ਤੋਂ
ਹਾਕ ਪਲਾਹਾਂ ਮਾਰੀ :
‘ਮੇਲਿਆਂ ਵਿੱਚੋਂ ਉੱਠ ਕੇ ਚੱਲੀ
ਧਰਤੀ ਦੀ ਸਰਦਾਰੀ।'
ਕੌੜੀ ਨੀਂਦ ਰੋਹੀਆਂ 'ਤੇ ਕਿਰਦੀ
ਬੇਪਛਾਣ ਸਭ ਹੋਏ।
ਤਾਰਿਆਂ ਦਾ ਹੜ੍ਹ ਢੂੰਡ ਨ ਸਕਿਆ
ਰਾਹ ਮਿਰਗਾਂ ਦੇ ਖੋਏ।
ਵਾਟ ਗੁਆਚੀ ਰੋਹੀਏਂ ਮੁੜ ਕੇ
ਤੱਕੀਆਂ ਸੁੱਤੀਆਂ ਨਾਰਾਂ।
ਗਾੜ੍ਹੀ ਗਹਿਰ 'ਚ ਮਹਿਲ ਬਣਾਏ
ਦੂਰ ਗਏ ਅਸਵਾਰਾਂ।
ਲਾ-ਮਕਾਂ ਫ਼ਿਰਦੌਸਾਂ ਦੇ ਰੂਹ
ਠਿਲ੍ਹ ਪਏ ਕਹਿਰ ਦੇ ਪਾਣੀ।
ਕੱਚੇ ਘੜੇ ਦੇ ਵਾਂਗੂੰ ਖੁਰਦੇ
ਬ੍ਰਹਿਮੰਡਾਂ ਦੇ ਹਾਣੀ।
ਗਾੜ੍ਹੀ ਗਹਿਰ ਤ੍ਰੇਲਾਂ ਮੁੱਕੀਆਂ
ਸੁੱਕਿਆ ਮੌਤ ਦਾ ਪਿਆਲਾ,
ਅੱਪਣਾ ਕੌਲ ਨਿਭਾ ਜਾਵੇਗਾ
ਰੰਗਲੇ ਪੈਰ ਦਾ ਛਾਲਾ।
ਅੱਧੀ ਰਾਤ ਬਿਜਲੀਆਂ ਓਹਲੇ
ਸਬਰਾਂ ਦਰਦ ਨ ਕੂਣੇ।
ਸੋਹਣੀ ਡੁੱਬ ਮੋਈ, ਤਾਂ ਹੋਣਾ
ਚੜ੍ਹੇ ਝਨਾਵਾਂ ਊਣੇ।
ਚੋਰ ਦੀਆਂ ਪੈੜਾਂ ਜਿਉਂ ਛਲ ਗਏ
ਰਾਜ਼ ਮੇਰੇ ਹਰ ਥਾਵੇਂ।
ਕੱਚੇ ਘਰਾਂ ਦੀ ਜਾਨ ਘੇਰਦੇ
ਬਾਜ਼ਾਂ ਦੇ ਪਰਛਾਵੇਂ।
ਉੱਚੇ ਹੁਜਰੇ ਦੀ ਮੋਰੀ 'ਚੋਂ
ਡੁਬਦੇ ਤਾਰੇ ਵੇਖਾਂ।
ਮੈਂ ਤੁਰਦਾ ਤਾਂ ਮੋੜਣ ਆ ਕੇ
ਸੁਬਕ ਉਡਾਰੂ ਹੇਕਾਂ।
ਕੱਚੇ ਘਰਾਂ ਨੇ ਦਾਮਨ ਫੜਿਆ
ਬੀਤੀ ਉਮਰਾ ਪਾਸੇ;
ਸੁੱਕਿਆਂ ਰੁੱਖਾਂ ਦੇ ਉਦਰੇਵੇਂ
ਵੇਖਣ ਰੁਲਦੇ ਕਾਸੇ।
ਭੋਲੇ ਨੈਣ ਹੋਣ ਹੈਰਾਨੇ
ਰਮਜ਼ ਬੇਗਾਨੀ ਮੇਰੀ,
ਦੂਰ ਚੁਲ੍ਹਿਆਂ ਦੇ ਵਿਚ ਬਲਦੀ
ਅੱਗ ਪੁਰਾਣੀ ਕਿਹੜੀ ?
ਬਾਬਲ ਦੀਆਂ ਗਲੀਆਂ ਵਿਚ ਮੁੜ ਕੇ
ਝੁੱਲ ਪੁਰੇ ਦੀਏ ਰੁੱਤੇ;
ਖ਼ਾਬ ਜੁਗਨੂੰਆਂ ਵਾਂਗੂੰ ਉੱਡ ਉੱਡ
ਵੇਹਣ ਅੰਞਾਣੇ ਸੁੱਤੇ।
-ੲ-
ਧੰਮੀ ਵੇਲੇ ਦੂਰ ਪਿੰਡ ਤੋਂ
ਲੈ ਗਏ ਸੱਜਨ ਪਿਆਰੇ,
ਪਹੇ ਦੀਆਂ ਰੇਤਾਂ ਨੂੰ ਚੁੰਮ੍ਹਦੇ
ਮੋਹ ਦਰਿਆ ਦੇ ਭਾਰੇ।
ਸਬਜ਼ ਅੱਕਾਂ 'ਤੇ ਜੋਬਨ ਖਿੜਿਆ
ਲੰਘਿਆ ਨਜ਼ਰ ਦੇ ਨੂਰੋਂ;
ਵਿਸ਼ ਦੇ ਦੁੱਧ 'ਚ ਅੰਮ੍ਰਿਤ ਪਾਇਆ
ਬਾਲਪਣੇ ਨੇ ਦੂਰੋਂ।
ਪਹੇ ਦੀਆਂ ਰੇਤਾਂ ਵਿਚ ਮਿਲਦੀ
ਖੇਡ ਪੁਰਾਣੀ ਪੁੱਗੀ,
ਤਪੋਵਣਾਂ ਦੀ ਪਰੀ ਦੀ ਨੈਂ ਵਿਚ
ਛਾਪ ਪੁਰਾਣੀ ਡੁੱਬੀ।
ਮੋਇਆਂ ਕਾਫ਼ਲਿਆਂ ਨੇ ਜੀਕੂੰ
ਛੂਹ ਤਾਰਿਆਂ ਦੀ ਲੋਇ,
ਪਹੇ ਦੀਆਂ ਰੇਤਾਂ ਵਿਚ ਮੇਰੇ
ਬਹਿ ਬਹਿ ਪਾਪ ਨੇ ਧੋਏ।
ਮਾਨਸਰੋਵਰ ਦੇ ਹੰਸਾਂ ਦੀ
'ਵਾਜ ਸੁਣੀ ਵਿਚ ਧੰਮੀਂ,
ਠੰਡੀਆਂ ਰੇਤਾਂ ਵਿਚ ਵਿਛਾਵਣ
ਖ਼ਾਬ ਹਜ਼ਾਰਾਂ ਕੰਮੀ।
-ਸ-
ਮੁੜ ਕੇ ਸਿਖਰ ਦੁਪਹਿਰਾਂ ਆਈਆਂ
ਮੈਂ ਹੁਜਰੇ ਵਿਚ ਕੱਲਾ।
ਡੁੱਬ ਗਿਆ ਮੁੜ ਨੂਰ ਦੇ ਹੜ੍ਹ ਵਿਚ
ਤਪੋਵਣਾਂ ਦਾ ਛੱਲਾ।
ਉੱਚੇ ਹੁਜਰੇ ਦੀ ਮੋਰੀ 'ਚੋਂ
ਕੌਣ ਔਹ ਜਲਦੇ, ਦੇਖਾਂ।
ਸੂਲਾਂ ਬੈਠ ਪਰੋਵਣ ਪਈਆਂ
ਵਲੀਆਂ ਦੀਆਂ ਹੱਥ-ਰੇਖਾਂ।
ਉਲਰ ਪਈਆਂ ਢੋਕਾਂ ਦੇ ਸਿਰ 'ਤੇ
ਬਲਦੀਆਂ ਰੋਹੀਆਂ ਮੋੜਾਂ।
ਪਾਕ ਹਰਫ਼ ਦੇ ਸਭ ਸੋਹਣੇ ਬੁੱਤ
'ਵਾਜ ਪਵੇ ਤਾਂ ਤੋੜਾਂ।
ਲਸ਼ਕਰ ਲੈ ਟਿੱਬਿਆਂ 'ਤੇ ਚੜ੍ਹਿਆ
ਵਾ ਵਰੋਲਾ ਝੱਲਾ,
ਸੂਰਜ ਦੇ ਵਲ ਉੱਡ ਉੱਡ ਜਲਿਆ
ਕਿਸੇ ਰਕਾਨ ਦਾ ਪੱਲਾ।
ਰੂਹ ਦਰਮਾਂਦੇ ਉੱਠ ਕੇ ਸੁਣੀਆਂ
ਭੋਲੀਆਂ ਪਰੇ ਆਵਾਜ਼ਾਂ।
ਰੁੱਖ ਜ਼ਿਮੀਂ ਦੇ ਚੁੰਮ੍ਹਣ ਆਈਆਂ
ਫ਼ਲਕ ਦੀਆਂ ਪਰਵਾਜ਼ਾਂ।
ਜੇਠ ਮਹੀਨੇ ਪੀਏ ਛਬੀਲਾਂ
ਬੱਚਿਆਂ ਦਾ ਇਕ ਮੇਲਾ।
ਦਰਿਆਵਾਂ ਤੋਂ ਵਿਛੜਿਆਂ ਦਾ
ਰਾਹ ਪੁੱਛਦਾ ਕੁਈ ਬੇਲਾ।
ਰੂਹ ਦਰਮਾਂਦਾ ਉਠ ਉਠ ਪੀਵੇ
ਠੰਢੀਆਂ ਜੀਣ ਛਬੀਲਾਂ;
ਭਰੇ ਪਿਆਲੇ ਬਾਲਪਣੇ ਦੇ,
ਅਜੇ ਨ ਪੱਕੀਆਂ ਪੀਲਾਂ।
ਅੱਧ-ਭਰੇ ਪਿਆਲੇ ਨੂੰ ਚੁੱਕ ਕੇ
ਇਕ ਬਾਲ ਸ਼ਰਮਾਵੇ,
ਦੂਰ ਮਹੀਨ ਸ਼ਬਨਮਾਂ ਓਹਲੇ
ਨਜ਼ਰ ਹੁਸੀਨ ਲੁਕਾਵੇ।
ਜੇਠ ਮਹੀਨਾ ਜਲ ਬਲ ਪੈਂਦਾ
ਤੂੰ ਕਿਸ ਬੂੰਦ ਨੂੰ ਤੱਕੇਂ ?
ਨਿੱਕੀ ਜਿੰਦ ਵਿਚ ਵਲੀਆਂ ਦੇ ਜਾਂ
ਸੁਪਨੇ ਸਾਂਭ ਨ ਸਕੇਂ।
ਕੀ ਤੂੰ ਥਲਾਂ ਦੀਆਂ ਟੱਲੀਆਂ ਵਿਚ
ਉਜੜੀ ਧੜਕਣ ਫੋਲੇਂ,
ਵੱਡ-ਵਡੇਰਿਆਂ ਦੇ ਰਾਹ ਭੁੱਲੇ
ਅੱਥਰੂ ਦੇ ਵਿਚ ਘੋਲੇਂ ?
ਧਰਤ ਦੇ ਘੁੰਡ ਨੂੰ ਚੁਕ ਚੁਕ ਵੇਖੇਂ
ਡੂੰਘੀਆਂ ਡੁੱਬੀਆਂ ਯਾਦਾਂ ?
ਨੈਂ ਹੰਝੂਆਂ ਦੀ ਥਲੀਂ ਵਗਾਈ
ਭੁਰ ਭੁਰ ਆਦਿ ਜੁਗਾਦਾਂ।
ਕੀ ਤੂੰ ਧਰ ਦਾ ਅਸਲ ਪਛਾਣੇ
ਦੂਰ ਕਿਤੇ ਵਿਚ ਰੋਹੀ ?
ਕੱਚੇ ਘਰਾਂ ਦੇ ਬੂਹਿਆਂ ਅੱਗੇ
'ਵਾਜ ਕਣਕ ਦੀ ਖੋਈ ?
ਰਮਜ਼ ਅਬੋਲ ਜਹੀ ਵਿਚ ਗਲੀਏਂ
ਕੀ ਕੋਈ ਬੋਲ ਛੁਪਾਵੇਂ ?
ਸੁੱਕਿਆਂ ਰੁੱਖਾਂ ਨਾਲ ਚਿਰਾਂ ਦੀ
ਸਾਂਝ ਨਵੇਲੀ ਪਾਵੇਂ ?
ਕੀ ਤੂੰ 'ਵਾਜ ਸੁਣੇ ਕੁਈ ਅੱਪਣੀ
ਵਿਚ ਦੁਰੇਡੇ ਰੁੱਖਾਂ ?
ਤੇਰੀ ਨਜ਼ਰ ਚ ਭੇਦ ਲੁਕਾਏ
ਕਾਫ਼ਲਿਆਂ ਦੇ ਦੁੱਖਾਂ।
ਉਮਰਾ ਦੇ ਸੁੰਞੇ ਤਰਨਾਪੇ
ਬਖ਼ਸ਼ ਕਿਰਨ ਇਕ ਮੈਨੂੰ।
ਮੋਹ ਲਿਆ ਇਸ ਧਰਤੀ ਉੱਤੇ
ਕਿਸ ਸੂਰਜ ਨੇ ਤੈਨੂੰ ?
ਨੋਟ: ਭਾਗ-ੲ ਅਤੇ ਭਾਗ-ਸ ਵਿਚ ਸ਼ਕੁੰਤਲਾ
ਦੀ ਮੁੰਦਰੀ ਗੁਆਚਣ ਦਾ ਸੰਕੇਤ ਹੈ, ਜਦੋਂ ਕਿ
ਨੂਹ ਦਾ ਹੜ੍ਹ ਵਕਤ ਦੇ ਬਲਵਾਨ ਹਨੇਰੇ ਦਾ
ਪ੍ਰਤੀਕ ਹੈ।