ਮੁਹੱਬਤ ਬਾਅਦ ਕਦ ਰਹਿੰਦਾ ਏ ਬੰਦਾ, ਕੁਝ ਕਰਨ ਜੋਗਾ।
ਮੁਸੀਬਤ ਸਹਿਣ ਦੇ ਕਾਬਿਲ, ਨਾ ਪੀੜਾਂ ਨੂੰ ਜਰਨ ਜੋਗਾ।
ਹੁਣੇ ਹੀ ਵਰਤ ਲੈ, ਜ਼ੁਲਮਾਂ ਦੇ ਹਥਕੰਡੇ, ਜੋ ਤੇਰੇ ਹਨ,
ਨਈਂ ਰਹਿਣਾ ਸਦਾ ਮੈਂ, ਪਿਆਰ ਹਰਜਾਨਾ ਭਰਨ ਜੋਗਾ।
ਜਫ਼ਾਵਾਂ ਤੇਰੀਆਂ ਕੀਤੈ, ਮੇਰਾ ਇੰਜ ਹੌਸਲਾ ਪੀਡਾ,
ਨਹੀਂ ਬਚਿਆ ਕੋਈ ਕਾਰਣ, ਕਿਸੇ ਕੋਲੋਂ ਡਰਨ ਜੋਗਾ।
ਵਫ਼ਾ ਵਿਚ ਹੋਸ਼ ਨੂੰ ਜਜ਼ਬਾਤ ਕਰ ਦੇਂਦੇ ਨੇ, ਇੰਜ ਲੂਲ੍ਹਾ,
ਤਲਾਤਮ ਵਿਚ ਨਹੀ ਰਹਿੰਦਾ, ਜਿਵੇਂ ਤਾਰੂ ਤਰਨ ਜੋਗਾ।
ਹਜ਼ਾਰਾਂ ਬਿਰਖ ਜੰਗਲ ਵਿਚ, ਪੁੰਗਰਦੇ ਤੇ ਨਿਸਰਦੇ ਨੇ,
ਕੋਈ ਵਿਰਲਾ ਹੀ ਰੁੱਖ ਹੁੰਦਾ ਏ, ਹਰ ਮੌਸਮ ਜਰਨ ਜੋਗਾ।
ਗ਼ਰੀਬੀ ਇਸ ਤਰ੍ਹਾਂ ਇਨਸਾਨ ਨੂੰ, ਲਾਚਾਰ ਕਰਦੀ ਏ,
ਨਾ ਰਹਿੰਦਾ ਸਰਦੀਆਂ ਵਿਚ ਜਿਸ ਤਰ੍ਹਾਂ, ਝਰਨਾ ਝਰਨ ਜੋਗਾ।
ਗਈ ਜਕੜੀ ਜਵਾਨੀ, ਜਦ ਤੋਂ ਰੋਟੀ ਦੇ ਰੁਝੇਵੇਂ ਵਿਚ,
ਰੱਜਵਾਂ ਵਕਤ ਮੁੜ ਮਿਲਿਆ, ਨਾ ਤੈਥੋ ਓਦਰਨ ਜੋਗਾ।
ਕਦੀ ਖ਼ਾਬੀਂ, ਮੈਂ ਮਾਈਆਂ ਪਿੰਡ ਦੀਆਂ ਨੂੰ, ਆਖਦੇ ਸੁਣਿਐ,
ਸ਼ਰਾਰਤ ਕਰਦਿਆਂ ਮੁੰਡਿਆਂ ਨੂੰ, ਟੁਟ ਪੈਣਾ, ਮਰਨ ਜੋਗਾ।
ਮੇਰੇ ਅਰਮਾਨ ਉੱਮੀਦਾਂ, ਓਹ ਜਿੱਤ ਕੇ ਲੈ ਗਿਆ ਸਾਰੇ,
ਨਾ ਛੱਡਿਆ ਓਸ ਮੇਰੇ ਕੋਲ 'ਅਸ਼ਰਫ਼' ਕੁਝ ਹਰਨ ਜੋਗਾ।