ਦੁਨੀਆ ਸਾਜਣ ਵੇਲੇ
ਰੱਬ ਨੇ ਸ਼ਾਇਦ ਬੰਦੇ ਨੂੰ
ਸਰਾਪ ਦਿੱਤਾ -
ਹਰ ਇਨਸਾਨੀ ਪਿਆਰ
ਇੱਕ ਤਰਫਾ ਹੋਵੇਗਾ
ਨਦੀ ਦੀ ਤਰਾਂ
ਪੌਣ ਵਾਂਗ
ਜਾਂ ਨੂਰ ਦੀ ਬਾਰਿਸ਼ ਵਾਂਗ
ਇਨਸਾਨਾਂ ਦੀ ਮੁਹੱਬਤ ਕਦੇ
ਦੋ ਤਰਫਾ ਨਹੀਂ ਹੋ ਸਕਦੀ
ਦੋ ਤਰਫਾ ਮੁਹੱਬਤ ਨੂੰ ਪ੍ਰਾਪਤ ਹੋਣਾ
ਇਨਸਾਨੀ ਵਜੂਦ ਦੀਆਂ ਸੀਮਾਵਾਂ ਨੂੰ
ਉਲੰਘ ਜਾਣਾ ਹੈ ਸ਼ਾਇਦ
ਨਿਰਵਾਣ ਨੂੰ ਪ੍ਰਾਪਤ ਹੋਣਾ ਹੈ
ਮੁਹੱਬਤ ਦੇ ਇਸ ਇਕਹਿਰੇਪਣ ਦਾ ਨਾਂ ਹੀ
ਬਿਰਹਾ ਜਾਂ ਹਿਜਰ ਹੈ
ਤੜਫ ਦਾ ਨਿਰੰਤਰ ਵਹਿਣਾ ਹੀ
ਮਹੱਬਤ ਹੈ ਸ਼ਾਇਦ
ਵਸਲ ਇੱਕ ਭ੍ਰਾਂਤੀ ਹੈ
ਨਦੀ ਦੇ ਰੇਗਿਸਤਾਨ ਵਿੱਚ ਰਮ ਜਾਣ ਵਾਂਗ
ਹਵਾ ਦੇ ਲੰਘ ਜਾਣ ਵਾਂਗ
ਜਾਂ ਰੌਸ਼ਨੀ ਨੂੰ ਪਕੜ ਲੈਣ ਵਾਂਗ
ਇਸ ਦਾ ਕੋਈ ਵਜੂਦ ਨਹੀਂ ਹੈ
ਨਦੀ ਜਿਵੇਂ ਪੱਥਰਾਂ ਨੂੰ ਮਿਲਦੀ ਹੈ
ਹਵਾ ਜਿਵੇਂ ਦਰਖਤਾਂ ਨੂੰ ਹਿਲਾਉਂਦੀ ਹੈ
ਰੌਸ਼ਨੀ ਜਿਵੇਂ ਕੰਦਰਾਂ ਨੂੰ ਜਗਾਉਂਦੀ ਹੈ
ਮੁਹੱਬਤ ਵੀ ਬੱਸ ਇੰਝ ਹੀ ਆਉਂਦੀ ਹੈ
ਇਸ ਵਿੱਚ ਮਿਲਨ ਨਹੀਂ ਹੈ
ਜੋਤ ਨਾਲ ਜੋਤ ਕਿਤੇ ਨਹੀਂ ਜਗਦੀ
ਮੁਹੱਬਤ ਮਹਿਜ਼ ਇੱਕ ਸਿਜਦਾ ਹੈ
ਪਰਿਕਰਮਾ
ਕਿਸੇ ਪਿੱਪਲ ਦੀ ਜੜ੍ਹ ਤੇ ਦੀਵੇ ਜਗਾਉਣਾ
ਇਹ ਮੂਕ ਮੂਰਤੀਆਂ ਦੀ ਆਰਤੀ ਹੈ ਬੱਸ
ਇਕੋ ਜਿਹੇ ਦੋ ਇਨਸਾਨ
ਇੱਕੋ ਵੇਲੇ ਕਦੇ ਇਕੱਠੇ ਨਹੀਂ ਹੁੰਦੇ
ਰੱਬ ਨੇ ਬੰਦੇ ਨੂੰ ਇਹ
ਸਰਾਪ ਦਿੱਤਾ ਹੈ