ਮੁਹੱਬਤ ਹੋਣ ’ਤੇ ਲਗਦਾ

ਮੁਹੱਬਤ ਹੋਣ ’ਤੇ ਲਗਦਾ ਚੰਨ ਵੱਲ ਵੇਖਣਾ ਚੰਗਾ

ਤੇ ਲਗਦਾ ਚਾਨਣੀ ’ਚੋਂ ਅਕਸ ਕੋਈ ਢੂੰਡਣਾ ਚੰਗਾ

ਕਦੇ ਮੈਂ ਆਪਣੇ ਅੰਦਰ ਕਿਸੇ ਦੀ ਭਾਲ ਕਰਦਾ ਹਾਂ

ਕਦੇ ਲਗਦਾ ਖ਼ੁਦ ਨੂੰ ਓਸ ’ਚੋਂ ਹੀ ਭਾਲਣਾ ਚੰਗਾ

ਅਜਬ ਹੈ ਦੌਰ ਕਿ ਬਾਹਰੋਂ ਘਰਾਂ ਨੂੰ ਦੌੜਦੇ ਆਈਏ

ਤੇ ਫਿਰ ਲਗਦਾ ਬਾਹਰ ਖਿੜਕੀਆਂ ’ਚੋਂ ਝਾਕਣਾ ਚੰਗਾ

ਬੜੀ ਹੈ ਸ਼ਹਿਰ ਵਿਚ ਰੌਣਕ ਨਹੀਂ ਪਰ ਜੀਅ ਜਿਹਾ ਲਗਦਾ

ਬੜਾ ਕੁਝ ਕਹਿਣ ਨੂੰ ਹੈ ਪਰ ਲਗਦਾ ਬੋਲਣਾ ਚੰਗਾ

ਜੇ ਰਿਸ਼ਤਾ ਬੋਝ ਬਣ ਜਾਏ ਤਾਂ ਬਿਹਤਰ ਹੈ ਜੁਦਾ ਹੋਣਾ

ਸ਼ਿਕਾਇਤ ਦੀ ਬਜਾਏ ਅਲਵਿਦਾ ਹੀ ਆਖਣਾ ਚੰਗਾ

ਨਦੀ ਉਸ ਖ਼ੂਬਸੂਰਤ ਨੇ ਮੇਰਾ ਕੀ ਠਾਰਨਾ ਸੀਨਾ

ਸਗੋਂ ਉਸ ਨੂੰ ਤਾਂ ਲਗਦਾ ‘ਅਮਰ’ ਨੂੰ ਸੇਕਣਾ ਚੰਗਾ

📝 ਸੋਧ ਲਈ ਭੇਜੋ