ਮੁਨੱਵਰ ਤਵੀ

ਤਵੀਏ ਤੱਤੀ ਤਿੱਖੀ ਹੋ ਜਾ 

ਤੈਨੂੰ ਤਰ ਕੇ

ਪਰਲੇ ਪਾਰ ਜ਼ਰੂਰਤ ਜਾਣਾ 

ਜਿੱਥੇ ਅੱਜ ਦੈਂਤ ਦਾ ਠਾਣਾ 

ਓਸ ਦੈਂਤ ਨੂੰ

ਤੱਤੇ ਤਿੱਖੇ ਵੇਗ 'ਚ ਹੀ ਯਾਰਾਂ ਮਿਲਣਾ

ਪਰਸੋਂ ਪਰਵਾਨਾ ਆਇਆ ਸੀ : ਦੈਂਤ ਪਿਆਸਾ 

ਭਲਕ ਦੁਪਹਿਰੇ

ਏਸ ਤਵੀ ਨੂੰ ਢਾਈ ਚੁਲੀਆਂ ਵਿਚ ਪੀ ਸੁਟਣੈਂ 

ਲੀਕ ਮਹੀਨ ਜਿਹੀ ਪਾਣੀ ਦੀ

ਦੋਜ਼ਖ਼-ਅੱਗ ਵਿਚ ਭੁੰਨ ਦਿਆਂਗੇ 

ਨਕਸ਼ੇ ਉਪਰ ਵਾਹੀ ਕਾਲੀ ਸ਼ਾਹੀ ਦੀ ਇਹ ਰੇਖਾ

ਮੇਟ ਦਿਆਂਗੇ

ਕਲ੍ਹ ਨੂੰ ਕਿਸੇ ਸਿਆਣ ਨਹੀਂ ਸਕਣਾ 

ਏਥੇ ਕਦੇ ਨਦੀ ਵਗਦੀ ਸੀ

ਅਪਣੇ ਵੇਲਿਓਂ ਰਤਾ ਪਛੜ ਕੇ

ਦੈਂਤ ਆਇਆ ਸੀ

ਨਾਲ ਆਪਣੇ ਅਪਣੀ ਦੋਜ਼ਖ ਅੱਗ ਲਿਆਇਆ 

ਆਦਮ-ਪਾਣੀ ਆਦਮ-ਪਾਣੀ ਕਰਦਾ ਕਰਦਾ 

ਤੇਰੇ ਵਾਂਗੂੰ ਅਸੀਂ ਵੀ ਤਵੀਏ

ਤੱਤੇ ਤਿੱਖੇ

ਉਸ ਦੀ ਜੀਭ ਲਮਕਦੀ ਪਿਆਸੀ 

ਕਤਰ ਲਈ ਪੋਟਾ ਦੋ ਪੋਟੇ

ਸਿਰ ਤੋਂ ਪੈਰਾਂ ਤੀਕ ਅਸਾਡੀ ਅੱਗ ਵਿਚ ਨ੍ਹਾਤਾ 

ਪਲਟ ਗਿਆ ਉਹ ਹਾਏ ਪਾਣੀ ਪਾਣੀ ਕਰਦਾ 

ਥਾਂ ਪਰਥਾਵੇਂ ਅੱਗ ਨੁਚੜਦੀ ਛਡ ਗਿਆ ਉਹ 

ਰਸਤੇ ਦੇ ਸਭ ਕੰਕਰ ਪੱਥਰ ਭੁੱਬਲ ਹੋਏ

ਅਜ ਉਸ ਦਾ ਪਰਵਾਨਾ ਆਇਆ 

ਨਦੀਓਂ ਪਰ੍ਹਾਂ ਮੁਹਬਤੀ ਵਿਥ 'ਤੇ 

ਸਾਡੀ ਸੜਕ ਜੋ ਤਿੱਖੀ ਤੋਰੇ ਨਿਤ ਵਗਦੀ ਏ 

ਕਹਿੰਦੈ ਉਸ ਨੂੰ ਛੱਲੀ ਵਾਂਗੂੰ ਮੈਂ ਚਬ ਜਾਣੈ 

ਨੰਗਾ ਤੁੱਕਾ ਤੋੜ ਭੰਨ ਕੇ ਇਉਂ ਸੁਟ ਦੇਣੈ 

ਬੰਜਰ ਬੇਆਬਾਦ ਜਗ੍ਹਾ ਜਿਉਂ 

ਖਿਲਰੇ ਪੁਲਰੇ ਟਿੱਬੇ ਹੋਏ 

ਭਲਕੇ ਕਿਸੇ ਪਛਾਣ ਨਹੀਂ ਸਕਣਾ 

ਏਥੇ ਕਦੀ ਕੋਈ ਲਾਂਘਾ ਸੀ

ਵਾਂਗ ਪਹਾੜੀ ਨਾਲੇ ਵਗਦਾ

ਤਿੱਖੀ ਤੋਰੇ ਅਧਵਾਟੇ ਹੀ ਰਣਤੱਤੇ ਵਿਚ 

ਓਸ ਦੈਂਤ ਨੂੰ ਮੁੜ ਕੇ ਮਿਲਣੈ 

ਅਸੀਂ ਐਂਤਕੀ ਉਸ ਦੇ ਮੂੰਹ 'ਚੋਂ 

ਦੰਦ ਉਧਾਰੇ ਤੋੜ ਸੁੱਟਣੇ

ਤਵੀਏ ਤੱਤੀ ਤਿੱਖੀ ਹੋ ਜਾ 

ਤੈਨੂੰ ਤਰ ਕੇ

ਪਰਲੇ ਪਾਰ ਜ਼ਰੂਰਤ ਜਾਣਾ

📝 ਸੋਧ ਲਈ ਭੇਜੋ