[ਪਾਉਂਟੇ ਦੇ ਯੁੱਧ ਪਿੱਛੋਂ ਸੱਤ ਸੌ ਮੁਰੀਦ
ਅਤੇ ਪੁੱਤਰਾਂ ਦੀ ਸ਼ਹਾਦਤ ਦੇ ਕੇ ਪੀਰ
ਬੁੱਧੂ ਸ਼ਾਹ ਦਸ਼ਮੇਸ਼ ਜੀ ਦੀ ਖ਼ਿਦਮਤ
ਵਿਚ ਪੇਸ਼ ਹੁੰਦੇ ਹਨ।]
ਦੀਦ ਮੰਗਿਆ ਅਸਾਂ ਦਿਲਦਾਰ ਵੇ।
ਖੇਡਾਂ ਖੇਡ ਕੇ ਲੱਖ ਹਜ਼ਾਰ ਵੇ।
ਵਿਰਦ-ਰੰਗਾਂ ਦੀਆਂ ਲੱਖ ਅਗਨੀਆਂ,
ਝਲਦੀਆਂ ਮੁਰਸ਼ਦ ਦੀ ਨਜ਼ਰ ਦਾ ਵਾਰ ਵੇ।
ਰੱਤ ਪੀ ਸੂਰਜ ਢੂੰਡਦੇ ਦਾਰ ਵੇ,
ਕੰਢੇ 'ਤੇ ਪਹੁੰਚਿਆ ਮੇਰਾ ਗਮਖ਼ਾਰ ਵੇ।
ਮੁਰਸ਼ਦ ਦਾ ਸਿਦਕ ਹੈ ਬਾਜ਼ੂ 'ਚ ਦੌੜਿਆ,
ਥਲਾਂ ਨੂੰ ਰੰਗਿਆ ਸ਼ਾਹ ਅਸਵਾਰ ਵੇ।
ਬੇਲਾ ਮੱਚਿਆ ਸੂਰਜਾਂ ਵਾਲੜਾ,
ਖ਼ੂਨੀ ਤੇਗ ਦੀ ਦਿਸੇ ਨੁਹਾਰ ਵੇ।
ਤੇਰੇ ਦਰਿਆਵਾਂ ਦੀ ਸ਼ਾਨ ਦਾ ਅੰਤ ਨਾਂਹ,
ਮੌਤ ਦੇ ਤੰਬੂਆਂ ਸਾਹਵੇਂ ਦੀਦਾਰ ਵੇ।
ਮੁਰਸ਼ਦ ਦੀ ਮਿਹਰ ਦਾ ਕਟਕ ਜਾਂ ਟੁੱਟਿਆ,
ਰਣਾਂ ਨੂੰ ਚੀਰਿਆ ਲਹੂ ਦੀ ਧਾਰ ਵੇ।
ਮੰਗਿਆ ਜਿਊਂਦੇ ਸ਼ਹੀਦਾਂ ਨੇ ਆਣ ਕੇ,
ਕਰਮ ਤੇ ਸਿਤਮ ਦਾ ਬਲਦਾ ਮਜ਼ਾਰ ਵੇ।
ਜ਼ਿਕਰ ਸੀ ਸੁਣਿਆ ਇਲਮ ਨੇ ਯਾਰ ਵੇ,
ਫ਼ਨਾ ਦੇ ਮੁਲਖੀਂ ਹੋਏ ਦੀਦਾਰ ਵੇ।
ਲਹੂ ਦੀ ਕਾਂਗ ਨੂੰ ਚਾੜ੍ਹੀਏ ਸਿਖਰ 'ਤੇ,
ਚੱਖੀਏ ਸਬਰ ਦੇ ਹੁਸਨ ਦੀ ਦਾਰ ਵੇ।
ਤੇਰੇ ਨਾਂਹ ਦੀਦ ਦਾ ਪਾਰਾਵਾਰ ਵੇ,
ਮਿਹਰ ਦੇ ਮੁਲਖਾਂ ਤੋਂ ਮੁਰਸ਼ਦ ਪਾਰ ਵੇ
ਤੇਰੀਆਂ ਮੰਜ਼ਲਾਂ ਤੇਰੇ ਮੁਰੀਦ ਨੇ,
ਜਿੰਦੜੀ ਵਾਗਾਂ ਜਿਉਂ ਖਿੱਚ ਲੈ ਯਾਰ ਵੇ।
ਤਲਬ ਦੀ ਲਾਲੀ ਦੇ ਰਹਿਸਨ ਨਜ਼ਾਰੜੇ,
ਕਿੱਥੇ ਕੁ ਜਾਵਸੇਂ ਸ਼ਾਹ ਸਵਾਰ ਵੇ ?