ਮੁਸਕਣੀ ਨੂੰ ਪਿਆਰ ਦਾ ਲੱਛਣ ਸਮਝ ਬੈਠੇ ਅਸੀਂ।
ਲਿਸ਼ਕਦੀ ਜਲ-ਧਾਰ ਨੂੰ ਦਰਪਣ ਸਮਝ ਬੈਠੇ ਅਸੀਂ ।
ਬੇ-ਖੁਦੀ ਵਿਚ ਧਰਤ ਨੂੰ ਪੱਤਣ ਸਮਝ ਬੈਠੇ ਅਸੀਂ ।
ਉਮਰ ਤਾਈਂ ਅੱਖ ਦੀ ਝਮਕਣ ਸਮਝ ਬੈਠੇ ਅਸੀਂ ।
ਪਿਆਰ ਵਿਚ ਏਨੀ ਬੁਲੰਦੀ 'ਤੇ ਕਿਸੇ ਕੀ ਪਹੁੰਚਣਾ,
ਦੁਸ਼ਮਣਾਂ ਨੂੰ ਪਿਆਰ ਵਿਚ ਸੱਜਣ ਸਮਝ ਬੈਠੇ ਅਸੀਂ ।
ਉਸ ਸਮੇਂ ਸੂਰਜ ਨੂੰ ਅਪਣਾ ਮੂੰਹ ਛੁਪਾਉਣਾ ਪੈ ਗਿਆ,
ਤਪ ਰਹੀ ਜਦ ਰੇਤ ਨੂੰ ਆਸਣ ਸਮਝ ਬੈਠੇ ਅਸੀਂ।
ਰੁੱਖ ਕੋਲੋਂ ਛਾਂ ਪਰੇ ਹੋ ਕੇ ਸੀ ਜਦ ਸੁਸਤਾ ਰਹੀ,
ਹੋ ਗਈ ਦੋਹਾਂ ਦੇ ਵਿਚ ਅਣ-ਬਣ ਸਮਝ ਬੈਠੇ ਅਸੀਂ ।
ਦਹਿਕਦੇ ਸੂਰਜ ਦਾ ਤਦ ਸਾਰਾ ਹੀ ਡਰ ਜਾਂਦਾ ਰਿਹਾ।
ਉਸ ਦੀ ਤਾਕਤ ਦਾ ਜਦੋਂ ਕਣ-ਕਣ ਸਮਝ ਬੈਠੇ ਅਸੀਂ।
ਭੰਡਿਆ ਸਾਨੂੰ ਜ਼ਮਾਨੇ ਨੇ ਉਦੋਂ ਦਿਲ ਖੋਲ੍ਹ ਕੇ,
ਦਸ ਸਿਰਾਂ ਵਾਲੇ ਨੂੰ ਜਦ ਰਾਵਣ ਸਮਝ ਬੈਠੇ ਅਸੀਂ ।
ਉਸ ਨੇ 'ਇਕਵਿੰਦਰ' ਕੀ ਅਪਣੀ ਜ਼ੁਲਫ਼ ਬਿਖਈ ਜ਼ਰਾ,
ਦਿਨ-ਦਿਹਾੜੇ ਹੋ ਗਈ ਆਥਣ ਸਮਝ ਬੈਠੇ ਅਸੀਂ।