ਮੁੱਠੀ ’ਚ ਨਾ ਲੈ ਜੁਗਨੂੰ, ਤਿਤਲੀ ਦੇ ਤੋੜ ਨਾ ਪਰ।
ਰੰਗਾਂ ਨੂੰ ਕੈਦ ਕਰਨਾ, ਮੌਸਮ ਦਾ ਹੈ ਨਿਰਾਦਰ।
ਰਸਤੇ ਸਵੇਰ ਦੇ ਵਿਚ, ਤੂੰ ਕੰਧ ਬਣਕੇ ਨਾ ਖੜ੍ਹ,
ਝੱਖੜ ਉਡਾ ਲਿਜਾਂਦੇ, ਫ਼ੌਲਾਦ ਦੀ ਵੀ ਚਾਦਰ।
ਸ਼ਬਦਾਂ ਦੇ ਬੰਬ ਲੈ ਕੇ, ਉਸਨੂੰ ਤੂੰ ਤੋੜ ਦਿੱਤਾ,
ਜੋ ਪੁਲ ਉਸਾਰਿਆ ਸੀ, ਮੈਂ ਦੋਸਤੀ ਦਾ ਮਰ ਮਰ।
ਦਰਿਆ ਨੂੰ ਬੰਨ੍ਹ ਲਾ ਕੇ, ਤੂੰ ਰੋਕ ਨਾ ਸਕੇਂਗਾ,
ਇਸ ਨੂੰ ਉਡੀਕਦੇ ਨੇ, ਲਹਿਰਾਂ ਭਰੇ ਸਮੁੰਦਰ।
ਜਿਸਦੀ ਨਾ ਸੀ ਜ਼ੁਬਾਂ ਹੀ, ਨਾ ਬੁੱਲਹ ਫ਼ਰਕਦੇ ਸਨ,
ਉਹ ਖਾਕ ਫੁੱਲ ਸੂਹੇ, ਲੈ ਕੇ ਗਈ ਹੈ ਦਰ ਦਰ ।
ਮਿੱਟੀ ਦੇ ਵੀ ਚਰਾਗਾਂ ਤੋਂ ਹੈ ਬਦਨ ਇਹ ਖਸਤਾ,
‘ਅਜਮੇਰ’ ਬਰਸਦੇ ਨੇ ਤੇਰੇ ਚੁਫ਼ੇਰੇ ਪੱਥਰ।