ਨੇੜੇ ਹੋ ਕੇ ਰਾਂਝਣਾ ਸੁਣੀ ਮੇਰੀ

ਨੇੜੇ ਹੋ ਕੇ ਰਾਂਝਣਾ ਸੁਣੀ ਮੇਰੀ

ਮੇਰੀ ਡੋਲੜੀ ਰੰਗਪੁਰ ਢੋ ਚੱਲੀ ਵੇ

ਡੋਲੀ ਚੱਲੀ ਨਹੀਂ ਬੈਠ ਮੈਂ ਖੇੜਿਆਂ ਦੀ

ਮੈਂ ਜਿਉਂਦੀ ਜਾਨ ਹਾਂ ਜ਼ਿਮੀਂ ਸਮੋ ਚੱਲੀ ਵੇ

ਜਿਹੜੀ ਪੈਂਚਣੀ ਕੁਲ ਸਿਆਲਣਾਂ ਦੀ

ਤੇਰੀ ਹੀਰ ਨਿਮਾਨਣੀ ਹੋ ਚੱਲੀ ਵੇ

ਤੀਲੀ ਲਾਵਣੀ ਤੇਵਰਾਂ ਜ਼ੇਵਰਾਂ ਨੂੰ

ਮੈਂ ਤੇ ਹੰਝੂਆਂ ਹਾਰ ਪਰੋ ਚੱਲੀ ਵੇ

ਸੈਦੇ ਖੇੜੇ ਦੀ ਹਿੱਕ 'ਤੇ ਸੱਪ ਲੇਟਣ

ਵਾਲਾਂ ਲੰਮਿਆਂ ਨੂੰ ਹੱਥੀਂ ਖੋਹ ਚੱਲੀ ਵੇ

ਇੱਕ ਸਹੇਲੀਆਂ ਤੇ ਇਕ ਮੱਝੀਆਂ ਨੀ

ਮੈਂ ਨਿਸ਼ਾਨੀਆਂ ਛੱਡ ਕੇ ਦੋ ਚੱਲੀ ਵੇ

ਬੂਟੇ ਆਸ ਉਮੀਦ ਦੇ ਸੁੱਕਣੇ ਨੀ

ਵਿਛੋੜਿਆਂ ਦੀ ਏਦਾਂ ਲੋਅ ਚੱਲੀ ਵੇ

ਤੈਨੂੰ ਆਖਿਆ ਸੀ ਬੰਦੋਬਸਤ ਕਰ ਲੈ,

ਕਰਕੇ ਨਾਲ ਨਾ ਤੇਰੇ ਧਰੋਹ ਚੱਲੀ ਵੇ

ਚੁੱਲ੍ਹ ਪਿੱਛੇ ਪਰਦੇਸ ਜਹਾਨ ਆਖੇ,

ਮੈਂ ਤਾਂ ਅੱਖੀਆਂ ਤੋਂ ਓਹਲੇ ਹੋ ਚੱਲੀ ਵੇ

ਤੈਨੂੰ ਕਿਸੇ ਨਾ ਹੁਣ ਉਡੀਕਣਾ ਈਂ

ਮੈਂ ਹਵੇਲੀਆਂ ਦੇ ਬੂਹੇ ਢੋ ਚੱਲੀ ਵੇ

ਏਦੂੰ ਵੱਧ ਕੇ ਹੋਰ ਕੀ ਕਹਿਰ ਹੋਣੈਂ

ਚੋਲੀ ਦਾਮਨ ਤੋਂ ਵੱਖਰੀ ਹੋ ਚੱਲੀ ਵੇ

📝 ਸੋਧ ਲਈ ਭੇਜੋ