ਪੱਕਾ ਘਰ ਟੋਲੀਂ ਬਾਬਲਾ

ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ

ਤਾਂ ਵੱਸ ਵੀ ਨਹੀਂ ਵੇ ਕੁਝ ਤੇਰੇ

ਪੱਕਾ ਘਰ ਟੋਲੀਂ ਬਾਬਲਾ............

ਘਾਣ ਕਰੇ ਸਾਡਾ ਕੱਚੇ ਕੋਠਿਆਂ ਦਾ ਘਾਣ ਵੇ,

ਤਾਲੂਏ ਨਾ ਲੱਗ ਜਾਂਦੀ ਸੁੱਕ ਕੇ ਜ਼ੁਬਾਨ ਵੇ

ਚਿੱਕ ਚੰਦਰੀ ਮਿਲੇ ਵੇ ਕਿਹੜਾ ਨੇੜੇ,

ਪੱਕਾ ਘਰ ਟੋਲੀਂ ਬਾਬਲਾ............

ਸਾਰਾ ਕੁਝ ਜਾਣਦੀ ਹਾਂ, ਮੈਂ ਨੀ ਬਾਪੂ ਭੋਲੀ ਵੇ,

ਸਾਥੋਂ ਵੀ ਤਾਂ ਇਕ ਪੱਕੀ ਹੋਈ ਨਾ ਕੰਧੋਲੀ ਵੇ

ਕਿੰਨੇ ਵਰ੍ਹਿਆਂ ਤੋਂ ਭੱਠੇ 'ਤੇ ਪਥੇਰੇ,

ਪੱਕਾ ਘਰ ਟੋਲੀਂ ਬਾਬਲਾ............

ਸੱਚੀ ਗੱਲ ਵਿਚ ਪਿਓ ਤੇ ਧੀ 'ਚ ਕਾਹਦੀ ਜੱਕ ਵੇ,

ਤੇਰੀ ਕੱਚੀ ਕੋਠੜੀ 'ਤੇ ਕੋਠੀਆਂ ਦੀ ਅੱਖ ਵੇ

ਤੇਰੀ ਪੱਗ ਵਾਂਗ ਰੱਖਾਂ ਸੁੱਚੇ ਵਿਹੜੇ,

ਪੱਕਾ ਘਰ ਟੋਲੀਂ ਬਾਬਲਾ............

ਪੱਕਾ ਉਹ ਜੋ ਹੋਣ ਦੇਵੇ ਕੱਚਿਆਂ ਦੀ ਹਾਨੀ ਨਾ,

ਕੱਚਿਆਂ 'ਚ ਪਲ ਰਹੀ ਜੂਨ ਵੀ ਬਿਗਾਨੀ ਨਾ

ਪੁੱਛੇ ਦੱਸੇ ਮਿਲ ਜਾਣਗੇ ਬਥੇਰੇ,

ਪੱਕਾ ਘਰ ਟੋਲੀਂ ਬਾਬਲਾ............

📝 ਸੋਧ ਲਈ ਭੇਜੋ