ਪੰਜਾਬੀ

ਤੂੰ ਸ਼ੱਕਰ ਵਾਂਗੂੰ ਲਗਦੀ ਏਂ

ਜਦ ਬੁੱਲ੍ਹਾਂ ਵਿੱਚੋਂ ਕਿਰਦੀ ਏਂ

ਤੂੰ ਛਿੰਝਾਂ, ਘੋਲ, ਅਖਾੜਿਆਂ ਵਿੱਚ

ਬਈ ਪੱਬਾਂ ਉੱਤੇ ਫਿਰਦੀ ਏਂ

ਤੂੰ ਹਰ ਮੌਸਮ ਦੀ ਆਦੀ ਏਂ

ਤੂੰ ਅੱਜ ਨਹੀਂ ਤੂੰ ਚਿਰ ਦੀ ਏਂ

ਤੂੰ ਦੁੱਗਣੇ ਬਲ ਸੰਗ ਉੱਠਦੀ ਏਂ

ਜਦ-ਜਦ ਵੀ ਭੁੰਜੇ ਗਿਰਦੀ ਏਂ

ਤੂੰ ਪਿੱਪਲੀਆਂ ਦੀ ਰੌਣਕ ਏਂ

ਤੂੰ ਗਿੱਧਿਆਂ ਅੰਦਰ ਛਿੜਦੀ ਏਂ

ਤੇ ਥੇਹਾਂ ਦਾ ਇੱਕ ਟੋਟਾ ਵੀ

ਛਾਤੀ ਵਿੱਚ ਚੁੱਕੀ ਫਿਰਦੀ ਏਂ

ਤੂੰ ਅੱਕ-ਜੰਡੀਆਂ ‘ਚੋਂ ਨਿੱਕਲੀ ਏਂ

ਤੂੰ ਜੰਗਲੀ-ਮਹਿਕਾਂ ਲੱਦੀ ਏਂ

ਤੂੰ ਛਮਕਾਂ ਖਾ-ਖਾ ਨਿੱਸਰੀ ਏਂ

ਤੂੰ 'ਵਾਵਾਂ ਬਣ-ਬਣ ਵੱਗੀ ਏਂ

ਤੂੰ ਆਪਣਿਆਂ ਨੇ ਲੁੱਟੀ ਏਂ

ਤੂੰ ਸਕਿਆਂ ਨੇ ਹੀ ਠੱਗੀ ਏਂ

ਨੀਂ ਰਜਬ ਅਲੀ ਦੀਏ ਲਾਡਲੀਏ

ਤੂੰ ਸਭ ਨੂੰ ਚੰਗੀ ਲੱਗੀ ਏਂ

ਤੂੰ ਸਾਂਝਾਂ ਪੈ-ਪੈ ਫੁੱਲੀ ਏਂ

ਤੂੰ ਚੋਟਾਂ ਖਾ-ਖਾ ਭੁੱਲੀ ਏਂ

ਤੂੰ ਫਿਰ ਵੀ ਸਭ ਦੇ ਜ਼ਖ਼ਮਾਂ ‘ਤੇ

ਕਿ ਮਰਹਮ ਬਣ-ਬਣ ਡੁੱਲ੍ਹੀ ਏਂ

ਤੂੰ ਤਰਵਰ ਤਰਵਰ ਬੈਠੀ ਏਂ

ਤੂੰ ਸਰਵਰ ਸਰਵਰ ਤਰਦੀ ਏਂ

ਤੂੰ ਕੋਇਲ ਕੂ ਕੂ ਕਰਦੀ ਏਂ

ਤੂੰ ਹਰਨੀ ਚੁੰਗੀਆਂ ਭਰਦੀ ਏਂ

ਤੂੰ ਧੁੱਪਾਂ ਅੰਦਰ ਘੁਲੀ ਹੋਈ

ਤੂੰ ਚਾਨਣ ਦੇ ਸੰਗ ਧੁਲੀ ਹੋਈ

ਤੂੰ ਤੋੜ ਹਸ਼ਰ ਤੱਕ ਰਹਿਣੀ ਏਂ

ਤੇਰੀ ਲੋੜ ਜਗਤ ਨੂੰ ਪੈਣੀ ਏਂ

ਮਿੱਠ-ਬੋਲੜੀ ਤੇ ਅਲਬੇਲੀ ਏਂ

ਤੂੰ ਲੱਖਾਂ ਵਿੱਚ ਅਕੇਲੀ ਏਂ

ਤੂੰ ਕਾਨੀ ਬਾਬੇ ਗੋਰਖ ਦੀ

ਤੇ ਗੁਰ ਨਾਨਕ ਦੀ ਚੇਲੀ ਏਂ

ਤੂੰ ਚਾਦਰਿਆਂ ਦੀ ਆਕੜ ਏਂ

ਤੂੰ ਚੁੰਨੀ ਕੁੜੀ ਗੁਲਾਬੀ ਦੀ

ਤੂੰ ਲਾਲੀ ਫੁੱਲ ਕਰੀਰਾਂ ਦੀ

ਤੂੰ ਚਿੱਟਤ ਹੈ ਮੁਰਗ਼ਾਬੀ ਦੀ

ਕਿ ਦਿਲ ਦੇ ਦੁਖੜੇ ਦਿਓਰਾਂ ਦੇ

ਬਈ ਸੁਣਦੀ ਹੈ ਗੁੱਤ ਭਾਬੀ ਦੀ

ਗੱਲ ਹੂਰ ਪਰੀ ਪੰਜਾਬੀ ਦੀ

ਗੱਲ ਹੂਰ ਪਰੀ ਪੰਜਾਬੀ ਦੀ

📝 ਸੋਧ ਲਈ ਭੇਜੋ