ਰਾਸ ਗਿਣਦਾ ਹੈ ਮੇਰੇ

ਰਾਸ ਗਿਣਦਾ ਹੈ ਮੇਰੇ ਸਾਹਾਂ ਦੀ, 

ਧੜਕਣਾਂ ਦਾ ਹਿਸਾਬ ਮੰਗਦਾ ਹੈ । 

ਮੇਰੇ ਅੰਦਰ ਹੈ ਅਜਨਬੀ ਕੋਈ, 

ਸੁਆਲ ਕਰਕੇ ਜਵਾਬ ਮੰਗਦਾ ਹੈ

ਗੀਤ ਸੂਰਜ ਦੇ ਆਮ ਗਾਉਂਦਾ ਹੈ, 

ਫੇਰ ਪੁੰਨਿਆਂ ਦੀ ਬਾਤ ਪਾਉਂਦਾ ਹੈ, 

ਮੇਰੇ ਕਮਰੇ 'ਚ ਜਦ ਵੀ ਆਵੇ ਉਹ

ਸਿਰਫ਼ ਚਾਨਣ ਦੇ ਖ਼ਾਬ ਮੰਗਦਾ ਹੈ

ਓਹ ਜੋ ਅਕਸਰ ਉਦਾਸ ਰਹਿੰਦਾ ਹੈ, 

ਬਹੁਤ ਖ਼ੁਦ ਨੂੰ ਗ਼ਰੀਬ ਕਹਿੰਦਾ ਹੈ, 

ਜੇ ਮੈਂ ਪੁੱਛਦਾਂ ਕਿ ਆਰਜ਼ੂ ਕੀ ਹੈ

ਮੇਰੇ ਗ਼ਮ ਦਾ ਗੁਲਾਬ ਮੰਗਦਾ ਹੈ।

ਕਿਸ ਤਰ੍ਹਾਂ ਦਾ ਹੈ ਬਾਲ ਜਗਿਆਸੂ, 

ਫ਼ਲਸਫ਼ੇ ਨਾਲ ਵਰਚਦਾ ਹੀ ਨਹੀਂ, 

ਪਹਿਲੀਆਂ ਚਾਰ ਫ਼ੂਕ ਦਿੱਤੀਆਂ ਸੂ, 

ਹੁਣ ਇਹ ਪੰਜਵੀਂ ਕਿਤਾਬ ਮੰਗਦਾ ਹੈ। 

ਜ਼ਿੰਦਗੀ ਨਾਲ ਰੁਸ ਗਿਐ ਭੈੜਾ, 

ਉਸਨੂੰ ਸ਼ੁਹਦੀ 'ਤੇ ਬੇਵਫ਼ਾ ਕਹਿੰਦੈ, 

ਜਦ ਵੀ ਸ਼ੀਸ਼ੇ ਦੇ ਰੂਬਰੂ ਹੁੰਦੈ, 

ਮੌਤ ਆਪਣੀ ਜਨਾਬ ਮੰਗਦਾ ਹੈ।

📝 ਸੋਧ ਲਈ ਭੇਜੋ