ਰੱਬਾ ਜੱਗ 'ਤੇ ਰਾਸ਼ਨ ਕਰ ਦੇ

ਇਕ ਪੁੱਤਰ ਇਕ ਧੀ

ਬਚ ਜਾਊ ਸਾਡਾ ਜਗਤ ਜਲੰਦਾ

ਤੇਰਾ ਜਾਂਦਾ ਕੀ

ਜੇ ਤੂੰ ਜੱਗ ਤੇ ਭੇਜੀ ਤੁਰਿਆ

ਇੰਜ ਹੇੜਾਂ ਦੀਆਂ ਹੇੜਾਂ

ਇਕ ਇਕ ਘਰ ਵਿਚ ਹੋ ਜਾਵਣਗੇ

ਬੱਚੇ ਤੇਰਾਂ ਤੇਰਾਂ

ਚੱਬ ਜਾਣਗੇ ਧਰਤੀ ਤੇਰੀ

ਜਾਸਣ ਸਾਗਰ ਪੀ

ਰੱਬਾ ਜੱਗ 'ਤੇ…।

ਅੱਗੇ ਹੀ ਤੇਰੀ ਮਿਹਰ ਬੜੀ ਹੈ

ਥਾਂ ਥਾਂ ਜੁੜੀਆਂ ਭੀੜਾਂ

ਪੰਚਵਟੀ ਦੇ ਬਾਹਰ ਮਾਰ ਦੇ

ਲਛਮਣ ਵਾਂਗ ਲਕੀਰਾਂ

ਭਾਵੇਂ ਤੇਰੀ ਜੋਤ ਕੋਈ ਬਾਲੇ

ਪਾ ਕੇ ਦੇਸੀ ਘੀ

ਰੱਬਾ ਜੱਗ 'ਤੇ…।

ਰੱਬਾ ਜੇ ਤੂੰ ਰਾਸ਼ਨ ਕਰ ਦਏਂ

ਹੋ ਜਾਏ ਮੌਜ ਬਹਾਰ

ਆਏ ਸਾਲ ਨਾ ਹਰ ਘਰ ਹੋਏ

ਮਾਡਲ ਨਵਾਂ ਤਿਆਰ

ਰੋਜ਼ ਰੋਜ਼ ਨਾ ਹੋਏ ਕਿਸੇ ਦਾ

ਕੱਚਾ ਕੱਚਾ ਜੀ

ਰੱਬਾ ਜੱਗ 'ਤੇ ਰਾਸ਼ਨ ਕਰ ਦੇ

ਇਕ ਪੁੱਤਰ ਇਕ ਧੀ

📝 ਸੋਧ ਲਈ ਭੇਜੋ