ਸਹਿਮੀ ਸਹਿਮੀ ਅੱਜ ਦੀ ਰਾਤ ਬੀਤ ਰਹੀ ਹੈ ।
ਮੇਰੇ ਮੁਲਕ ਦੀ ਹਰ ਦਿਨ ਹੀ ਇਹ ਰੀਤ ਰਹੀ ਹੈ ।
ਰਾਂਝਿਆਂ ਦੇ ਹੱਡਾਂ ਵਿੱਚ ਦੇਖੋ ਬੇਰੁਜਗਾਰੀ ਰਚ ਗਈ ਏ ,
ਫਟੇ ਹਾਲ ਵਿੱਚ ਧੱਕੇ ਖਾਂਦੀ ਅੱਜ ਕੱਲ ਪ੍ਰੀਤ ਰਹੀ ਹੈ ।
ਕੋਠੇ ਚੜ੍ਹ ਕੇ ਮਾਂ ਉਡੀਕੇ ਹੱਦੀਂ ਬੈਠੇ ਪੁੱਤ ਨੂੰ ,
ਚੂੜੇ ਵਾਲੀ ਸੁਪਨਿਆਂ ਦੇ ਵਿੱਚ ਲੱਭਦੀ ਮੀਤ ਰਹੀ ਹੈ ।
ਭੁੱਖੀਆਂ ਮਾਵਾਂ ਦੀ ਛਾਤੀ ਨੂੰ ਚੁੰਬੜੇ ਭੁੱਖੇ ਬੱਚੇ ,
ਏਹੀ ਹੋਵੇ, ਮੋਹਤਵਰਾਂ ਦੀ ਹਰਦਮ ਏਹੀ ਨੀਤ ਰਹੀ ਹੈ ।
ਬਾਬੁਲ ਵੇਚਣ ਆਪਣੇ ਹੱਥੀਂ ਆਪਣੀਆਂ ਹੀ ਧੀਆਂ ,
ਆਖਣ ਨੇਤਾ ਗੁਰਬਤ ਉਤੇ ਸਾਡੀ ਜੀਤ ਰਹੀ ਹੈ ।
...... ਦੇ ਠੇਕੇਦਾਰ ਬੋਲਦੇ ਚਗਲੇ ਭਾਸ਼ਣ ,ਬੋਲੀ ,
ਦੱਸ ਹਰਵਿੰਦਰਾ ਤੇਰੀ ਭਾਸ਼ਾ ਕਿਵੇਂ ਪੁਨੀਤ ਰਹੀ ਹੈ।