ਰਾਤ ਭਰ ਹਾਂ ਜਾਗਦਾ
ਸ਼ਾਮ ਤਕ ਰੋਜ਼ੀ ਦਾ ਕੋਹਲੂ ਗੇੜ ਕੇ
ਅੰਗ ਮੇਰੇ ਨੇ ਚੂਰ ਚੂਰ
ਠੀਕ ਤਾਂ ਇਹ ਸੀ ਕਿ ਨੀਂਦਰ ਦਾ ਨਸ਼ਾ
ਪੀ ਕੇ ਆ ਜਾਂਦਾ ਸਰੂਰ,
ਗ਼ਸ਼ ਜਹੀ ਪੈ ਜਾਂਦੀ ਮੇਰੀ ਹੋਸ਼ ਨੂੰ ;
ਛਿਣਕ ਦੇਂਦੀ ਯਾ ਕੋਈ ਥਪਕੀ
ਮੇਰੇ ਭੱਠੀ-ਤਪੇ ਅੰਗਾਂ ਤੇ ਠੰਡ ;
(ਜਾਣਦਾ ਮੈਂ ਵੀ ਕਿ ਕੀ ਸ਼ੈ ਹੈ ਤ੍ਰੇਲ)
ਸੁਪਨ ਬਣ ਕੇ ਯਾ ਕੋਈ ਸ਼ੁਅਲਾ ਹੀ ਡਿਗਦਾ
ਦਿਲ ਮੇਰੇ ਦੀ ਬਰਫ਼ ਤੇ,
(ਭੂਏ ਹੋ ਜਾਂਦਾ ਮੇਰੀ ਹਰਕਤ ਦਾ ਬਲਦ
ਅਪਣੇ ਮਾਲਕ ਦੇ ਲਈ ਹਸ ਹਸ ਪਸੀਨਾ ਡੋਲ੍ਹਦਾ)
ਅੰਗ ਕੋਸੇ, ਦਿਲ ਬਰਫ਼,
ਨੈਣ ਵਿਚ ਨੀਂਦਰ ਨਹੀਂ
ਜਾਗਣਾ ਬਸ ਜਾਗਣਾ ਸਰਮਾਇਆ ਮੇਰੇ ਭਾਗ ਦਾ
ਰਾਤ ਭਰ ਹਾਂ ਜਾਗਦਾ ।
ਮੈਂ ਕੋਈ ਰਾਹੀ ਨਹੀਂ
ਰਾਤ ਭਰ ਨੀਂਦਰ ਦੀ ਮਾਇਆ ਤਿਆਗ ਕੇ
ਜੋ ਸਦਾ ਤੁਰਦਾ ਰਹੇ, ਪੈਂਡਾ ਕਰੇ ;
ਨਾ ਮੈਂ ਉਹ ਪੰਛੀ ਜਿਹੜਾ ਖੰਭਾਂ ਦੇ ਵਿਚ ਬਿਜਲੀ ਭਰੇ
ਆਲ੍ਹਣੇ ਦਾ ਸ਼ੌਕ ਉੱਕਾ ਹੀ ਨਹੀਂ;
ਮੈਂ ਕੋਈ ਬੀਮਾਰ ਨਹੀਂ,
ਨਾ ਮੈਂ ਸਟ-ਖਾਧਾ ਕੋਈ ਜੰਗਲ ਦਾ ਜੀਵ ;
ਚੀਖ਼ ਜਿਸ ਦੀ ਨੀਂਦ ਦੇ ਪਿੰਡੇ ਤੇ
ਪਾ ਦੇਂਦੀ ਏ ਲਾਸ।
ਨਾ ਮੇਰੀ ਨੀਂਦਰ ਉਧਾਲੀ ਤਾਰਿਆਂ ਦੇ ਹੁਸਨ ਨੇ
ਤਾਰਿਆਂ ਦੇ ਨਾਲ ਮੇਚਾਂ,
ਅਪਣੇ ਨੈਣਾਂ ਦੀ ਚਿਣਗ!
ਮੇਰੀ ਕਿਸਮਤ ਵਿਚ ਨਹੀਂ ਅੰਬਰ ਨਜ਼ਰ
ਓ ਮੇਰੀ...... (ਆਖਣ ਨੂੰ ਜੀ ਕਰਦਾ ਨਹੀਂ)
ਮੈਂ ਕਦੀ ਬੇਸ਼ਕ ਸੀ ਤੈਨੂੰ ਪਿਆਰਿਆ,
ਯਾਦ ਦੇ ਵਹਿਦੇ ਵੀ ਕੀਤੇ ਸੀ ਬੜੇ,
ਖਿਆਲ ਤੇਰੇ ਵਿਚ ਨਹੀਂ ਪਰ ਜਾਗਦਾ
ਇਹ ਮੇਰਾ ਨਿਤ-ਕੰਮ-ਸਖ਼ਤਾਇਆ-ਬਦਨ
ਸੁਪਨ-ਗਲਬਾਹੀਆਂ ਦੇ ਵੀ ਕਾਬਲ ਨਹੀਂ ।
ਮੈਂ ਜੁਦਾਈ ਵਿਚ ਨ ਤੇਰੀ ਜਾਗਦਾ
ਰਾਤ ਹੈ ਕਾਲੀ ਸਿਆਹ
ਦਿਨ ਵੀ ਘਟ ਕਾਲੇ ਨਹੀਂ
ਕਿਰਨ ਉਹ ਮਿਲਦੀ ਨਹੀਂ
ਅਪਣੇ ਮੱਥੇ ਵਿਚ ਲਵਾਂ ਜਿਹੜੀ ਪਰੋ ;
ਸੁਪਨਿਆਂ ਦੇ ਚਾਨਣਾਂ ਤੇ ਸ਼ਰਮਸਾਰ
ਨੀਂਦ ਨੂੰ ਵੀ ਅੰਗ ਨਹੀਂ ਲਾਉਂਦੀ
ਇਹ ਅਭਿਮਾਨੀ ਨਜ਼ਰ,
ਏਸ ਲਈ—
ਰਾਤ ਭਰ ਹਾਂ ਜਾਗਦਾ
ਰਾਤ ਭਰ ਹਾਂ ਜਾਗਦਾ ।