ਰਾਤ ਦਾ ਰੰਗ ਉਤਰਦਾ ਵੇਖਾਂ,
ਮੈਂ ਜਦੋਂ ਚੰਨ ਉਭਰਦਾ ਵੇਖਾਂ।
ਮੌਤ ਦੇ ਸਾਹਮਣੇ ਖੜਾ ਹਾਂ ਮੈਂ,
ਨਾਗ ਜ਼ਖ਼ਮੀ ਉਮਰ ਦਾ ਵੇਖਾਂ।
ਹੋ ਰਹੇ ਦਿਨ-ਬ-ਦਿਨ ਹਰੇ ਬੂਟੇ ,
ਦਰਦ ਇਕ ਬਾਗ ਪੁੰਗਰਦਾ ਵੇਖਾਂ।
ਸ਼ਹਿਰ ਦਾ ਸ਼ਹਿਰ ਬਦ-ਹਵਾਸ ਹੈ ਕਿਉਂ,
ਆਪਣਾ ਘਰ ਜੇ ਉਸਰ ਦਾ ਵੇਖਾਂ।
ਮਿਲ ਰਹੀ ਜ਼ਿੰਦਗੀ ਨੂੰ ਮੌਤ ਗਲੇ ,
ਹਾਲ ਆਪਣਾ ਵੀ ਸੁਧਰਦਾ ਵੇਖਾਂ ।
ਰੋਜ ਮਛਲੀ ਨੂੰ ਖਾ ਰਹੀ ਮਛਲੀ,
ਰੋਜ ਹੀ ਵਕਤ ਗੁਜ਼ਰਦਾ ਵੇਖਾਂ।
ਉਹ ਹੁਮਾ ਹੈ ਕਿ ਹੈ ਉਕਾਬ ਕਿ ਜੋ,
ਆਪਣੇ ਖੰਭ ਕੁਤਰਦਾ ਵੇਖਾਂ।