ਥਲਾਂ ਚੋਂ ਸੇਕ ਉਠਿਆ ਤੈਨੂੰ ਮਿਲਣ ਲਈ
ਜਲਾਂ ਚੋਂ ਭਾਫ ਉਠੀ
ਮੈਂ ਤੇਰੀ ਤਾਂਘ ਦਾ ਬਣਿਆ ਵਰੋਲਾ ਸਾਂ
ਮਹਾਂ-ਆਤਮਾ ਚੋਂ ਉਖੜੀ ਕਾਤਰ
ਪੌਣ ਦਾ ਝੌੱਕਾ ਜਿਹਾ
ਹਵਾ ਦੇ ਸਹਿਜ ਸਮੁੰਦਰ ਚ
ਬੇਤਰਤੀਬਾ ਭਟਕਦਾ ਸਾਂ
ਤੇਰੀ ਭਾਲ ਲਈ
ਦੁਪਹਿਰੀ ਰੇਤਿਆਂ ਚੋਂ ਗੁਜ਼ਰਿਆ
ਸੁੰਨੇ ਚੇਤਿਆਂ ਚੋਂ ਗੁਜ਼ਰਿਆ
ਹਵਾ ਜਿਵੇਂ ਖਲਾਅ ਨੂੰ ਤਾਂਘਦੀ ਹੈ
ਪਰਿੰਦੇ ਜਿਵੇਂ ਸ਼ਾਮ ਲਈ ਭਟਕਦੇ ਹਨ
ਅੰਬਰ ਤੇ ਬਣੀਆਂ ਬੇਚੈਨ ਰੇਖਾਵਾਂ
ਮਹਾਂ-ਤਰਤੀਬ ਚ
ਰੁਖ ਸਿਰ ਹੋਣ ਲਈ ਭਟਕਦੀ
ਚੱਪਾ ਕੁ ਰੂਹ ਸਾਂ ਸ਼ਾਇਦ
ਤੇਰੇ ਲਈ ਮੈਂ ਹੁਸਨ ਦੇ ਕਲਸਾਂ ਨੂੰ ਸਜਦੇ ਕੀਤੇ
ਅਕਲ ਦੁਆਰਿਆਂ ਦੀਆਂ ਪੌੜੀਆਂ ਚੜ੍ਹਿਆ
ਤੈਨੂੰ ਹੀ ਮਿਲਣ ਲਈ
ਮੇਰੀ ਧਰਤੀ ਚੋਂ ਰੁੱਖ ਉੱਗੇ
ਰੁੱਖਾਂ ਦੀ ਬੇਬਸੀ ਸਣੇ ਮੈਂ ਭਟਕਿਆ
ਅੰਤਹੀਣ ਗ੍ਰਹਿ ਪੰਧ
ਬੇਨਾਮ ਨਛੱਤਰਾਂ ਦੀ ਗੁਰੂਤਾ ਚੋਂ ਲੰਘਿਆ
ਰਾਤ ਦੀ ਹਿੱਕ ਤੇ ਗ੍ਰਹਿਣ ਝੱਲਦਿਆਂ
ਕਈ ਵਾਰ ਤੂੰ ਦੁਮੇਲ ਦੇ ਮੱਥੇ ਤੇ ਚਮਕਦੀ
ਤਾਰਾ ਜਿਹੀ
ਅਸਮਾਨੀ ਤਾਂਘ ਚ ਮੈਂ ਅਹੁਲਦਾ
ਤੇਰੀ ਚਾਨਣੀ ਦੀ ਚੂਲੀ ਲਈ
ਕਿ ਅਚਾਨਕ ਤੂੰ ਔਝਲ ਹੋ ਜਾਂਦੀ
ਤਾਰਿਆਂ ਦੀ ਭੀੜ ਚ ਘਿਰਿਆ ਮੈਂ
ਤੇਰੀ ਪਛਾਣ ਗੁਆ ਬਹਿੰਦਾ
ਗੁਰੂਤਾ ਦੀ ਪੀੜ ਵਿਚ ਤਣਿਆ ਇਹ
ਇਕ ਅਨੰਤ ਸਫਰ ਸੀ
ਤੇ ਫੇਰ ਇਕ ਪਲ
ਤੂੰ ਮੈਥੋਂ ਵਿਥ ਤੇ ਖਲੋਤੀ ਸੈਂ
- ਇੱਕ ਚਾਨਣੀ ਦਾ ਜਿਸਮ
ਤੇਰੇ ਸੇਕ ਚ ਮੈਂ ਪਿਘਲਣ ਲੱਗਿਆ
ਕਿ ਤੈਨੂੰ ਮਿਲ ਸਕਾਂ ਜਿਸਮ ਦੇ ਬਸਤਰਾਂ ਬਿਨ੍ਹਾਂ
ਆਪਣੀ ਪੂਰੀ ਨਿਹ ਹੋਂਦ ਚ
ਹਵਾ ਦੀ ਤਾਂਘ ਵਾਂਗ ਤੈਨੂੰ ਮਿਲਣ ਲਈ
ਦਰਿਆਈ ਛੱਲ ਵਾਂਗ ਧਾਉਣ ਲਈ
ਬੋਧ ਦੇ ਸਭ ਕਿਨਾਰੇ ਤੋੜ ਦਿੱਤੇ
ਕਿ ਅਚਾਨਕ ਮੈਂ ਫੇਰ ਕੱਲਾ ਸਾਂ
ਰਾਤ ਦੀ ਚਾਨਣੀ ਹੇਠ
ਤੇਰਾ ਵਜੂਦ ਕਿਤੇ ਨਹੀਂ ਸੀ
ਮੈਥੋਂ ਹੁਣੇ ਕੁ ਜਿੰਨੀ ਵਿਥ ਤੇ
ਭਰਮ ਦਾ ਝੌਂਕਾ ਜਿਹਾ ਸੀ
ਸਾਹਾਂ ਦੀ ਮੱਠੀ ਰੁਮਕ ਤੇ
ਮੈਂ ਅੰਦਰ ਦੇਖਿਆ-
ਸ਼ਾਮ ਚ ਉਤਰ ਰਹੇ ਚਾਅ ਦੇ ਪੰਛੀ
ਨਿਰ ਆਸ ਫੜਫੜਾਹਟਾਂ ਨਾਲ
ਅਸਮਾਨ ਚ ਨੀਂਦ ਉਤਰ ਰਹੀ ਸੀ
ਕਿ ਬਹੁਤ ਸਹਿਜ ਨਾਲ
ਤੂੰ ਆ ਬੈਠੀ ਮੇਰੇ ਸਾਹਮਣੇ
-ਇੱਕ ਨੂਰੀ ਝਲਕ
-ਮੇਰੀ ਤਾਂਘ ਦੀ ਪੂਰਨਮਾਸ਼ੀ
ਜਿਵੇਂ ਧਰਤੀ ਸਾਹਮਣੇ ਚੰਨ ਆਉਂਦਾ ਹੈ
ਤਾਰੇ ਚੱਲ ਪਏ ਸਨ ਫੁਲਝੜੀਆਂ ਵਾਂਗ
ਰੌਸ਼ਨੀ ਨਾਲ ਕਿਣ ਮਿਣ ਹੁੰਦਾ
ਮੈਂ ਅਹੁਲ ਪਿਆ ਸਾਂ ਤੇਰੇ ਵੱਲ
ਆਪਣੇ ਸਮੁੰਦਰਾਂ ਸਣੇ
ਇਹ ਇਕ ਦੁਮੇਲੀ ਅਵਸਥਾ ਸੀ
ਨਿਰਵਾਣੀ ਝਲਕ ਚੋਂ ਤੇਰੀ ਤਰੇਲ ਚੁੰਮ ਪਰਤੇ
ਮੇਰੇ ਪੱਤੇ ਚਮਕਦੇ ਸਨ
ਸੰਜੋਗ ਦੀ ਪਹਿਲੀ ਸਵੇਰ ਚ
ਸ਼ਾਤ ਚਲਦੀ ਹਵਾ ਚ ਮੈਂ ਜਿਉਂ ਰਿਹਾ ਸਾਂ
ਤੇਰਾ ਨੂਰੀ ਮਿਲਨ
ਤੂੰ ਕਿਤੇ ਨਹੀਂ ਸੀ ਮੈਥੋਂ ਦੂਰ
ਅਨੰਤ ਗ੍ਰਹਿਆਂ ਓਹਲੇ
ਤੂੰ ਮੇਰੇ ਕੋਲ ਮੌਜੂਦ ਸੀ
ਸਾਹ ਦੀ ਹਵਾ ਚ
ਮੈਂ ਗੁਜ਼ਰਦਾ ਸਾਂ ਤੇਰੇ ਸ਼ਹਿਰ ਚੋਂ
ਤੈਨੂੰ ਬਿਨ ਮਿਲਿਆਂ
ਤੇਰੀ ਹੀ ਭਾਲ ਵਿੱਚ
ਬੇਚੈਨ ਝੱਖੜਾਂ ਚ ਭਾਉਂਦਾ ਸਾਂ
ਤੂੰ ਮੇਰੀ ਹੀ ਨਵੀਂ ਤਰਤੀਬ ਹੈਂ ਕੋਈ
ਮੇਰੇ ਹੀ ਸਾਹਾਂ ਚ ਗੁੰਮਿਆ ਸੁਰ ਸੀ
ਤੂੰ ਮੇਰੀ ਹੋਂਦ ਦਾ ਪ੍ਰਕਾਸ਼ ਹੈਂ
ਦੁਪਹਿਰੀ ਭਟਕਣਾਂ ਦਾ ਅੰਤ ਕਰਦਿਆਂ
ਮੈਂ ਖਿੱਚ ਦਿੰਦਾਂ ਦਿਨ ਦਾ ਪਰਦਾ
ਓੜ੍ਹਦਾ ਹਾਂ ਤੈਨੂੰ ਤਾਰਿਆਂ ਭਰੀ ਨੂੰ
ਦਰਿਆਵਾਂ ਤੇ ਪੈਂਦੀ ਚਾਨਣੀ ਕੰਢੇ
ਮੈਂ ਅਨੰਤ ਵਹਿ ਰਿਹਾ ਹਾਂ