ਕੌਣ ਕਹੇ ਰਾਤਾਂ ਨੂੰ ਸੂਰਜ ਮਰਦੇ ਹਨ
ਸੂਰਜ ਤਾਂ ਰਾਤੀਂ ਵੀ ਚਾਨਣ ਕਰਦੇ ਹਨ
ਲਹਿਰਾਂ ਚੇਤਨ ਹੋਣ ਤਾਂ ਕੌਣ ਚੁਰਾ ਸਕਦੈ
ਚੋਰ ਤਾਂ ਉੱਚਿਆਂ ਸਾਹਾਂ ਤੋਂ ਵੀ ਡਰਦੇ ਹਨ
ਜਿਵੇਂ ਕਿਵੇਂ ਵੀ ਦੁਨੀਆਂ ਰੌਸ਼ਨ ਹੋ ਜਾਏ
ਜੁਗਨੂੰ ਰਾਤਾਂ ਦੇ ਗਲ ਲੱਗ ਕੇ ਮਰਦੇ ਹਨ
ਸਿਖ਼ਰ ਦੁਪਹਿਰੇ ਨ੍ਹੇਰੀ ਰਾਤ ਦੀਆਂ ਬਾਤਾਂ
ਕੇਵਲ ਕਬਰਾਂ ਵਾਲੇ ਕਰਿਆ ਕਰਦੇ ਹਨ
ਆਪਣੇ ਪਿੱਛੇ ਰੰਗ ਛੱਡਦੈ ਮਹਿੰਦੀ ਦਾ
ਜਿਹੜਾ ਵੀ ਉਹ ਪੈਰ ਜ਼ਮੀਂ 'ਤੇ ਧਰਦੇ ਹਨ
ਚਿੱਟੇ ਰੰਗ ਦਾ ਟੇਪਾ ਕਾਲੀ ਕੈਨਵਸ 'ਤੇ
ਇੰਜ ਵੀ ਲੋਕ ਭਵਿੱਖਤ ਦਾ ਰੰਗ ਭਰਦੇ ਹਨ
ਕੋਮਲ ਭਰੇ ਗਲੇਡੂ ਕੋਈ ਕਿਰਨ ਜਦੋਂ
ਕਿਰਨਾਂ ਵਾਲੇ ਲਹੂ ਦੇ ਸਾਗਰ ਤਰਦੇ ਹਨ