(1)

ਅੱਧੀ ਰਾਤ ਦੇ ਬੇਲਿਆਂ ਅੰਦਰ 

ਕਦੇ ਕਦੇ ਰਾਵੀ ਦੀ ਹੇਕ ਮੈਂ ਸੁਣਦਾ।

ਅਤਿ ਦੇ ਡੂੰਘਿਆਂ ਪਾਣੀਆਂ ਸੀਨੇ

ਖ਼ੂਨੀ ਘੋੜਿਆਂ ਦੇ ਪੌੜਾਂ ਦੀ 'ਵਾਜ ਵਿਚ ਲਿਪਟਿਆ 

ਹਿਮਾਲਾ ਸਮੇਂ ਦੇ ਲਸ਼ਕਰਾਂ ਨੂੰ ਸੁੰਨ ਕਰ ਸੁੱਤਾ।

ਨਾਨਕਾ ! ਤੜਫ ਪਏ :

ਤੇਰੇ ਰਬਾਬ ਦੀਆਂ ਠੰਡੀਆ ਤਾਰਾਂ ਦੇ ਕੋਲੇ 

ਮੁਲਤਾਨ ਦੇ ਰਣਾਂ ਵਿਚ ਰੋਂਦਿਆਂ ਸ਼ੁਤਰਾਂ ਦੇ ਕਾਫ਼ਲੇ 

ਰਣ ਸਭਰਾਉਂ ਤਦੇ ਲਹੂ ਵਿਚ ਮੋਏ ਦੁਪਹਿਰੇ; 

ਤਾਰਿਆਂ ਦੀਆਂ ਪਾਟੀਆਂ ਰਗਾਂ ਦੇ ਵਿੱਚੋਂ 

ਸ਼ਮਸ਼ਾਨਾਂ ਦੀ ਰਾਖ ਪਈ ਉੱਡਦੀ

ਅਰਸ਼ ਦੇ ਖ਼ਾਲੀ ਚਸ਼ਮ ਜਿਉਂ ਪਾਟਦੀ, 

ਥਲਾਂ 'ਚੋਂ ਅੱਗ ਨਾਸੂਰ ਜਿਉਂ ਫੁੱਟਦੀ 

ਤੜਫਦੇ ਰਾਵੀ ਦੇ ਪਾਣੀ ਚੁਫੇਰੇ !

(2)

ਬੀਰ ਅਕਾਲੀ ਦੇ ਨੇਜ਼ੇ ਦੇ ਰੋਹ ਜਿਉਂ 

ਪੰਜਾਬ ਦੇ ਖੰਡਰਾਂ ਦੇ ਸੀਨੇ ਨੂੰ ਵਿੰਨ੍ਹਦੀ 

ਚਿਰਾਂ ਦੇ ਡੁੱਬੇ ਹੰਝੂਆਂ ਵਿਚ ਲਹੂ ਨੂੰ ਸੂਤਦੀ 

ਰਾਵੀਏ ! ਬੂਰ ਦੀ ਛੱਲ ਇਕ ਮਾਰੀਂ

ਫਟੇ ਕਾਲੀ ਗਸ਼ ਦੀ ਅੱਖ 'ਚੋਂ

ਚਿੱਟਿਆਂ ਬਾਜ਼ਾਂ ਦੀ ਕਾਂਗ ਇਕ ਅੰਨ੍ਹੀ 

ਲਹੂ ਦੀ ਵਾਹਰ ਵੱਜੇ

ਪਾਟ ਜਾਣ ਖੰਡਰਾਂ ਦੇ ਮੱਥੇ 

ਫਲ ਪਵੇ ਫੇਰ ਪੰਜਾਬ ਦੇ ਰਾਹਾਂ ਨੂੰ।

ਨਾਨਕਾ ! ਕਿਤੇ ਰਹੀਆਂ

ਸਿਖਰ ਦੁਪਹਿਰਾਂ ਦੀਆਂ ਲਾਟਾਂ ਛਡਦੀਆਂ 

ਤੇਰੇ ਰਬਾਬ ਦੀਆਂ ਤਾਰਾਂ ਰੱਤੀਆਂ; 

ਚੌੜੇ ਥਲਾਂ ਦੀ ਪੈੜ ਨੂੰ ਪੁੱਟਦੀਆਂ 

ਲਲਕਾਰ ਕੇ ਹਨੇਰੀਆਂ 'ਚ ਸੁਟਦੀਆਂ 

ਚੀਖ ਕੇ ਤਾਰੇ ਘੁੱਟਦੀਆਂ

ਬਾਬਾ ਜੀ ! ਸੁੰਨ ਵਿਚ ਮੋਏ ਸੱਪ ਜਿਉਂ ਲੇਟੀਆਂ !

(3)

ਪੰਛੀ ਦੀ ਸੁੱਕੀ ਰਗ ਨਾਲ

ਧੂੜ ਪਈ ਲਿਪਟੇ,

ਮੋਏ ਪੁੱਤ ਪੰਜਾਬ ਦੇ ਹੱਥ ਆਵਣੇ !

ਫ਼ਜਰ-ਮਧਾਣੀਆਂ ਦੀ ਖੱਟੀ 'ਤੇ ਮਿੱਠੀ ਮਹਿਕ ਨਾਲ ਭਰੀਆਂ

ਉਹ ਛਾਵਾਂ ਫੇਰ ਥਿਆਉਣੀਆਂ-

ਮਾਸੂਮ ਨੈਣਾਂ ਦੇ ਸਾਹਮਣੇ ਤਾਰਿਆਂ ਦੇ ਵਾਂਗੂੰ ਚਮਕਦੇ

ਇਲਮ ਦੀ ਹੱਦ ਤੋਂ ਅੱਗੇ ਦੇ ਲੱਖਾਂ ਆਵੇਸ਼ 

ਕਦੇ ਹਲ-ਵਾਹੁੰਦਿਆਂ ਜੱਟਾਂ ਨੂੰ ਦਿਸਣੇ

ਪੱਥਰਾਂ ਦੀ ਜਾਨ ਨੂੰ ਇੱਕੋ ਘੁੱਟ ਵਿਚ ਪੀਣ ਵਾਲਾ 

ਉਹ ਕਹਿਰ ਸਾਡੀਆਂ ਰਗਾਂ 'ਤੇ ਉੱਡਣਾ

ਝੁਕੇ ਬੱਦਲਾਂ ਦੇ ਬੇਪਨਾਹ ਹੁਸਨ ਨੂੰ

ਫੇਰ ਰਸਾਂ-ਕਸਾਂ ਦੀ ਕੂਕ ਵੰਗਾਰਣਾ— 

ਬਿਜਲੀਆਂ ਤੋੜ-ਮਰੋੜ ਕੇ ਭੱਖਦੀ

ਫੇਰ ਕਿਸੇ ਨੇ ਰਿਜ਼ਕ ਦੇ ਦਾਣੇ ਦੇ ਅੰਦਰ

ਧੁਰ ਪਤਾਲਾਂ ਤੋਂ ਡੂੰਘੀ

ਅਰਸ਼ ਦੀ ਧੁੰਧ ਤੋਂ ਗਾੜ੍ਹੀ

ਨਜ਼ਰ ਸ਼ਹੀਦਾਂ ਦੀ ਸੁੱਟਣੀ ਗਾਉਂਦਿਆਂ-

ਗੋਦਾਵਰੀ ਦੇ ਪੱਤਣਾਂ 'ਤੇ ਰੋਂਦਿਆਂ

ਫੇਰ ਕਿਸੇ ਦਲੀਪ ਨੇ

ਡੂੰਘੜੇ ਬੋਲ ਪੰਜਾਬ ਨੂੰ ਮਾਰਨੇ— 

ਪੰਜਾਬ ਦੇ ਅੰਨ੍ਹੇ ਛਰਾਟਿਆਂ ਦੇ ਵਾਂਗੂੰ 

ਫੇਰ ਗਦਰੀਆਂ ਗੂੰਜ ਕੋਈ ਪਾਉਣੀ 

ਫੇਰ ਸੋਹਣੇ ਮੁਲਕ ਨੂੰ ਵਾਸਤਾ ਘੱਤਣਾ !

ਨਫ਼ੇ ਤੇ ਘਾਟੇ ਦੀ ਤੰਦ ਹਵਾੜ ਵਿਚ ਹੌਂਕਦੇ 

ਪੰਜਾਬ ਦੇ ਮੈਲੇ ਬਜ਼ਾਰਾਂ 'ਚ ਥੱਕੀਆਂ 

ਪੁੱਤਰਾਂ ਦੇ ਦੁੱਧ ਵੇਚ ਕੇ ਆਈਆਂ 

ਰਾਵੀ ਦੇ ਪੱਤਣਾਂ 'ਤੇ ਪੈਰਾਂ ਨੂੰ ਧੋਂਦੀਆਂ, 

ਪੈਰਾਂ ਨੂੰ ਧੋਂਦੀਆਂ, ਕੁਰਲਾਉਂਦੀਆਂ ਮਾਵਾਂ

ਬਿਜਲੀਆਂ ਦੀ ਚਮਕਦੀ ਅੱਖ ਦੇ ਸਾਹਮਣੇ 

ਬੈਠ ਦੁੱਖ-ਸੁੱਖ ਫੋਲਦੇ ਪੁੱਤ ਪੰਜਾਬ ਦੇ,

ਮੋਈ ਚੁੱਪ ਦੇ ਭਾਰ ਨਾਲ ਲੱਦੇ

ਬਰਕਤਾਂ ਤੋਂ ਖ਼ਾਲੀ ਹੱਥਾਂ ਨੂੰ ਦੇਖ ਦੇਖ ਰੋਂਦੇ 

ਮਿਹਰਬਾਨ ਸਦੀਆਂ ਦੇ ਸੁੱਕੇ ਨਿਸ਼ਾਨਾਂ ਨੂੰ ਤੱਕਦੇ, 

ਸ਼ਰਾਬ ਦੀ ਫਿੱਕੀ ਤੋੜ ਦੇ ਨਾਲ

ਵਣਾਂ ਦੀ ਛੋਹ ਨੂੰ ਨੋਚ ਨੋਚ ਉੱਗਲਛਦੇ 

ਕਾਫ਼ਲੇ ਦੀ ਧੂੜ ਦੇ ਦਰਦ 'ਤੇ ਹੱਸਦੇ

ਵਿਸ਼ ਤੋਂ ਹੀਣਾ ਫ਼ਣ ਫੈਲਾਂਵਦੇ

ਨਸ਼ੇ ਦੀ ਤੁੰਦ ਹਵਾੜ ਵਿਚ ਜਾਨ ਨੂੰ ਕੱਸਦੇ।

ਤਹਿਜ਼ੀਬਾਂ ਦੇ ਕਿਣਕੇ ਹਜ਼ਾਰਾਂ

ਸੋਹਣੀ ਧਮਾਲ ਦੇ ਭੰਵਰ ਵਿਚ ਡੋਬਦਾ 

ਅੰਨ੍ਹੇ ਜ਼ੋਰ ਵਿਚ ਹੱਸ ਹੱਸ ਡੋਬਦਾ

ਲਹੂ ਦੇ ਨਸ਼ੇ ਦਾ ਸ਼ੌਕ ਗੁਆਚਿਆ। 

ਯਾਰੋ, ਨਫ਼ੇ 'ਤੇ ਘਾਟੇ ਦਾ ਸ਼ੋਰ ਵੋ, 

ਸਾਰੇ ਪੰਜਾਬ ਨੂੰ ਤੇਹ ਲੱਗੀ !

ਅਸੀਂ ਦਸ਼ਮੇਸ਼ ਦੇ ਲਾਡਲੇ

ਥਾਂ ਥਾਂ ਭਟਕਦੇ ਫਿਰਦੇ ਤੇਹ ਦੀ ਅੱਗ ਦੇ ਮਾਰੇ।

ਸ਼ਾਇਦ ਉਹ ਵਖਤ ਆਵੇ

ਪੰਜ ਦਰਿਆਵਾਂ ਦੀਆਂ ਰਗਾਂ ਨੂੰ ਮੁੱਠੀ 'ਚ ਘੁੱਟ ਕੇ

ਲੰਮੀ 'ਵਾਜ ਦੇ ਵਾਂਗੂੰ ਲਹੂ ਦੀ ਕਾਂਗ ਨੂੰ

ਭਗਤ ਸਿੰਘ ਜਦੋਂ ਚੰਘਿਆੜ੍ਹ ਕੇ ਸੁੱਟਿਆ ਦੂਰ ਤਕ।

(4)

ਝਨਾਂ ਦੀ ਸੰਞ ਤਕ ਦਰਦ ਦੀ ਧੂੜ ਪਈ ਉੱਠੇ.....

ਬੇਲੀਓ ! ਕਹਿਰ ਦੀ ਗੁਮਨਾਮ ਹੋਈ ਸੁੰਨ ਵਿਚ 

ਲੱਖਾਂ ਪੈੜਾਂ ਨੇ ਗਰਕ ਹੋਈਆਂ,

ਕੋਟ ਅਸੰਖਾਂ ਨਿਸ਼ਾਨ ਨੇ ਗਰਕ ਹੋਏ,

ਗਰਕ ਹੋਏ ਪਾਪ ਦੇ ਹਨੇਰੇ ਮਨਾਂ ਵਿਚ 

ਜਿਥੇ ਮੇਲ-ਵਿਛੋੜਾ

ਯਾਦ ਦੀਦਾਰ ਦੀ ਨਹੀਉਂ,

ਜਿੱਥੇ ਭੜ੍ਹਦਾ ਬਸ ਰੋਹੀ ਦੀ ਬੁੱਢੀ ਖ਼ਾਕ ਦੀ 

ਲੱਖ ਪੈੜਾਂ ਭੁੱਲ ਦੇ ਕੌੜੇ ਖੂਹ ਵਿਚ ਡਿੱਗੀਆਂ।

ਗਰਕ ਹੋਈਆਂ ਪੈੜਾਂ ਦੇ ਸਫ਼ਰ ਕਿੱਥੇ

ਕਿਸ ਸਫ਼ਰ 'ਤੇ ਆਣ ਜੁੜਦੇ

ਡੁੱਬਦੇ ਸੂਰਜ ਦੀਆਂ ਲਾਲੀਆਂ ਦੇ ਝੁਰਮਟ

ਕਿਸ ਬੇ-ਅਬਾਦ ਗਹਿਰ ਵਿਚ ਮਿਟੀਆਂ 

ਸ਼ਮਸ਼ੀਰਾਂ ਤੱਕ ਕੇ ਚੜ੍ਹੀਆਂ ਰੋਹ ਦੀਆਂ ਧਾੜਾਂ

ਗਰਕ ਹੋਏ ਸਫ਼ਰਾਂ ਦੇ ਕਾਫ਼ਲੇ

ਕਿਹੜੀਆਂ ਨਜ਼ਰਾਂ ਨੇ ਤੱਕੇ ?

ਮੁਰਸ਼ਦ ਦੀ ਹੇਕ ਦੀ ਤਿੱਖੀ ਲਾਟ ਕੱਢ 

ਕਿਨ੍ਹਾਂ ਨੇ ਮੌਤ ਦੇ ਹੱਥਾਂ ਨੂੰ ਚੁੰਮਿਆਂ

ਤਹਿਜ਼ੀਬਾਂ ਦੇ ਸ਼ੋਖ ਰੰਗਾਂ ਨੂੰ ਕਿਨ੍ਹਾਂ 

ਜ਼ਰਾ ਕੁ ਮੁਸਕਰਾ ਕੇ ਡੋਬਿਆ,

ਹਾਥੀ ਦੀ ਮਸਤ ਚਾਲ ਚਲਦਿਆਂ

ਜ਼ਰਾ ਕੁ ਮੋਢਾ ਮਾਰ ਕੇ ਗਾਰਾਂ 'ਚ ਸੁੱਟਿਆ ?

ਬੋਹੜਾਂ ਦੀ ਛਾਂ ਹੇਠਾਂ

ਅਣਭੋਲ ਜਿਹੇ ਨੈਨ ਝੁਕਾਦਿਆਂ

ਕੌਣ ਸਨ ਜਿਨ੍ਹਾਂ ਨੇ ਵਾਰ ਦਿੱਤੇ ਚੰਨ ਦੀ ਟਿੱਕੀ ਤੋਂ

ਮੌਤ ਦੇ ਵਾਵਰੋਲਿਆਂ 'ਚ ਉੱਡਦੇ ਫ਼ਲਸਫ਼ੇ ?

ਕੌਣ ਸਨ ਮਾਤੇ ਜੰਗਲਾਂ ਦੇ ਭਰ ਭਰ ਕਲਾਵੇ

ਜਿਨ੍ਹਾਂ ਦੋਜ਼ਖ਼ ਦੇ ਹੱਥ ਨੂੰ ਮਿੱਟੀ ਦੀ ਮਹਿਕ ਵਿਚ ਦੱਬਿਆ

ਬੇ ਪਰਵਾਹੀਆਂ ਦੇ ਡਾਢੇ ਨਾਜ਼ ਵਿਚ

ਸੁਰਗ ਦੇ ਹੱਥ ਨੂੰ ਜ਼ਰਾ ਕੁ ਪਾਸੇ ਹਟਾਇਆ ?

ਟਸਕੀਆਂ ਪੀਲ੍ਹਾਂ ਨੂੰ ਚੱਖ ਕੇ

ਕਿਨ੍ਹਾਂ ਧਰਤ ਦਾ ਸਾਰਾ ਸੁਆਦ ਸਮੇਟਿਆ ?

ਕੌਣ ਸਨ :

ਜਿਨ੍ਹਾਂ ਬਿਰਖਾਂ ਦੀ ਕਲਮ ਦੇ ਨਾਲ 

ਪੈਗ਼ੰਬਰਾਂ ਦੇ ਆਉਣ ਦੇ ਰਾਹਾਂ 'ਤੇ 

ਸੱਚ ਦੀ ਤਕਦੀਰ ਨੂੰ ਲਿਖਿਆ 

ਹੁਸਨ ਦੇ ਬਾਬ ਦੇ ਕਾਤਿਬ ਬਣੇ;

ਸਜਦੇ ਨੇ ਪਾਣੀਏਂ ਝੁੱਕ ਕੇ 

ਦੇਖਿਆ ਬੇ-ਕਸਾਂ ਦੇ ਯਾਰ ਨੂੰ,

ਦੇਖਿਆ ਸੂਲੀ 'ਤੇ ਟੰਗਿਆ ਹੁਕਮ ਜੱਬਾਰ ਦਾ 

“ਮੈਂ” ਦੇ ਜਲਾਲ ਦੀ ਸੂਹੀ ਵਿਸ਼ਾਲ ਅੱਗ ਦੇ ਹੇਠਾਂ

ਜਾਣਿਆਂ ਵਗਦਾ, ਛੱਲਾਂ ਮਾਰਦਾ, ਰਹਿਮ ਦਿਲਦਾਰ ਦਾ, 

ਬੇ-ਕਸਾਂ ਦੇ ਯਾਰ ਦਾ।

(5)

ਪੈੜਾਂ ਦੀ ਗਹਿਰ 'ਚੋਂ ਨਿਕਲ ਕੇ 

ਸ਼ਹੀਦ ਰਾਵੀ ਦੇ ਪੱਤਣਾਂ 'ਤੇ 

ਸਿਖਰ ਦੁਪਹਿਰਾਂ ਹੋ ਆਉਂਦੇ, 

ਜੋ ਦਰਿਆ ਤੋਂ ਲੰਮੀ

ਧਰਤ ਦੇ ਸਗਲ ਸੁਆਦ ਵਿਚ ਲੱਦੀ 

ਵਣਾਂ ਦੇ ਗਾੜ੍ਹੇ ਨ੍ਹੇਰ ਵਿਚ ਸੁੱਤੀ 

ਧਰਤੀ ਦੀ ਬਲਵਾਨ ਜੀਭਾ ਨੂੰ 

ਮਛੇਰਿਆਂ ਦੇ ਰੋਮ ਰੋਮ ਨਾਲ ਲਾਉਂਦੇ- 

ਕਦੇ ਨਾਰਾਂ ਦੀ ਨਜ਼ਰ ਨਾਲ ਲਾ ਕੇ 

ਪਤਾਲਾਂ ਤੋਂ ਪਾਰ ਸ਼ਮਸ਼ੀਰ ਲੰਘਾਂਵਦੇ- 

ਘੁੱਟ ਕੇ ਲੰਮੇ ਵਹਿਣ ਦੀਆਂ ਭਾਰੀਆਂ ਛੱਲਾਂ 

ਜਾਨ ਸਾਰੀ ਦਾ ਕਾਫ਼ਲਾ ਲਿਸ਼ਕਾਂਵਦੇ- 

ਚਮਕਾਂ ਛਡਦੀਆਂ ਛੱਲਾਂ ਦੇ ਸੀਨੇ 'ਤੇ 

ਗਰਜਦੇ ਮੇਘਾਂ ਦੀ ਫ਼ੌਜ ਉਤਾਰਦੇ-

ਕਦੇ ਕਿਸੇ ਤੈਰਾਕ ਦੀ ਛਾਤੀ ਦੇ ਹੇਠਾਂ ਲਿਫ਼ਦੇ, 

ਪਾਣੀਆਂ 'ਤੇ ਆਪਣੇ ਆਵੇਸ਼ਾਂ ਦੀ ਗੂੰਜ ਛੱਡਦੇ; 

ਕਿਲੇ ਜਮਰੌਦ ਤੋਂ ਦਹਿਸ਼ਤਾਂ ਉਠਦੀਆਂ !! 

ਲਹੂ ਤੋਂ ਲੰਘਦੇ ਨੂਰ ਦੇ ਹੜ੍ਹਾਂ ਦੇ ਹੇਠਾਂ

ਲਿਫ਼ ਲਿਫ਼ ਇਹ ਖ਼ੂਨੀ ਥਲਾਂ ਨੂੰ ਝੱਲਿਆ

ਪਾਣੀਆਂ ਦੇ ਜੁਗਨੂੰਆਂ ਲੰਮੇ ਵਹਿਣ ਦੀ ਅੱਗ ਵਿਚ; 

ਬੇਲੀਓ !

ਸੋਹਣੇ ਸ਼ਹੀਦ ਪੰਜਾਬ ਦੇ

ਤੈਰਾਕ ਦੀ ਛਾਤੀ ਦੇ ਹੇਠਾਂ ਜੋਸ਼ ਫੈਲਾਂਵਦੇ ਫਿਰਦੇ।

ਰਾਵੀ ਦੇ ਹੜ੍ਹਾਂ ਦੇ ਹੇਠਾਂ

ਤਾਰੇ ਕੋਈ ਅੱਖਰ ਪਾਂਵਦੇ

ਜਿਸਦੇ ਸੀਨੇ ਘਮਸਾਨ ਉਠਾਂਵਦੇ

ਉਕਾਬਾਂ ਦੇ ਫੜਫੜਾਂਦੇ ਪਰਾਂ ਦੇ ਰਾਜ਼ ਲੱਖਾਂ, 

ਜਿੱਥੇ ਹਾਲ-ਬੇਹਾਲ ਸੂਫ਼ੀ

ਹਾ ਦੇ ਨਾਆਰੇ ਮਾਰਦੇ, ਹੱਸਦੇ, ਨੱਚਦੇ, 

ਕੂਕ ਕੂਕ ਅੱਖਾਂ ਨੂੰ ਲਹੂ-ਲੁਹਾਣ ਕਰਦੇ 

ਛਾਤੀਆਂ ਦੇ ਅੰਨ੍ਹੇ ਜੋਸ਼ ਨੂੰ ਨੋਚਦੇ

ਰੋਣ 'ਤੇ ਹੱਸਣ ਵਿਚਾਲੇ ਤਕਦੀਰ ਨੂੰ ਬੰਨ੍ਹਦੇ

ਤਕਦੀਰ ਦੇ ਹੇਠਾਂ ਦਰਿਆ ਦਾ ਕਹਿਰ ਮਚਾਂਵਦੇ।

ਕਦੇ ਰਾਉ ਨੂੰ, ਕਦੇ ਰੰਕ ਨੂੰ

ਪੰਜਾਬ ਦੇ ਸ਼ਹੀਦ ਰਾਵੀ ਦਾ ਪਾਣੀ ਪਿਲਾਂਵਦੇ।

ਥਲਾਂ ਦੇ ਭੂਰੇ ਤੂਫ਼ਾਨ ਜਿਉਂ ਉੱਠੀ

ਲੱਖ ਸਾਲਾਂ ਦੇ ਪਾਰੋਂ ਆਂਵਦੀ 

ਘੋੜਿਆਂ ਦੇ ਪੌੜਾਂ ਦੀ ਧਮਕ ਨੂੰ

ਰਾਵੀ ਦੇ ਇਕ ਕਤਰੇ 'ਚ ਮੇਟ ਦਿੰਦੇ 

ਇਹ ਸੋਹਣੇ ਸ਼ਹੀਦ ਅਲਬੇਲੇ;

ਇਕ ਛਿਣ ਦੀ ਧਾਂਕ ਪੈਂਦੀ

ਕੋਟ ਕਾਂਗਾਂ ਦੇ ਭਖੇ ਲਿਲਾਟ ਦੇ ਸਾਹਮਣੇ !

ਲਾਇਲਪੁਰ ਝੰਗ-ਸਿਆਲ ਦੇ ਖੇਤਾਂ ਦੇ ਅੰਦਰ 

ਸਰਗੋਧੇ ਦੇ ਖੁੱਲ੍ਹਿਆਂ ਪਿੰਡਾਂ ਦੀ ਸੱਥ ਵਿਚ 

ਹੇਕਾਂ ਦੇ ਖੂਹ ਨੇ, ਭਰੇ ਹੋਏ ਬੇਲਿਆਂ ਵਰਗੇ– 

ਸ਼ੇਖੂਪੁਰੇ ਦੇ ਅਸਮਾਨ ਜੇਹੇ ਖੇਤਾਂ ਵਿਚ 

ਰਾਵੀ ਦਾ ਹੁਕਮ ਕੋਈ ਆਂਵਦਾ

ਗਿਆਨ ਧਿਆਨ ਸਾਰੇ

ਵਪਾਰੀਆਂ ਦੇ ਬਲੀ ਮਨਸੂਬੇ

ਕਿਸੇ ਤਰਬ ਦੀ ਲਾਟ ਵਿਚ ਮੇਟਦਾ।

(6)

ਰਾਵੀਏ! ਅਜ਼ਲ ਦੇ ਸਫ਼ਰਾਂ 'ਤੇ ਲੰਮੀਏਂ 

ਸਾਰੀ ਧਰਤ ਦੀਆਂ ਜੜ੍ਹਾਂ ਵਿਚ ਹੱਥ ਇਕ ਫੇਰੀਂ 

ਨਿਚੋੜ ਦੇਵੀਂ ਸਮੇਂ ਦੇ ਸਾਰੇ ਲਹੂ ਨੂੰ 

ਝੂਣ ਦੇਵੀਂ ਬਿਰਖਾਂ ਦੇ ਪੱਤ ਵੋ

ਸਾੜ ਦੇਵੀਂ ਰਗਾਂ ਦੇ ਬੇ-ਰਸੇ ਤਾਲ ਨੂੰ 

ਪਾੜ ਦੇਵੀਂ ਗਹਿਰ ਦੇ ਬੁਰਕੇ।

ਧਰਤ ਦੀਆਂ ਜੜ੍ਹਾਂ 'ਚੋਂ ਕੱਢੀਂ 

ਰਣ ਸਭਰਾਉਂ ਦੀ ਹਾਕ ਨੂੰ।

ਨੀ ਸੋਹਣੀਏਂ !

ਰਿਜ਼ਕ ਦੇ ਦਾਣੇ 'ਚ ਸੁੱਟੀਂ 

ਬੱਦਲਾਂ ਤੋਂ ਭਾਰੀ

ਮਿੱਟੀ ਤੋਂ ਪਿਆਰੀ

ਵਣਾਂ ਤੋਂ ਗਾੜ੍ਹੀ

ਪੰਜਾਬ ਦੇ ਪੁੱਤਰਾਂ ਦੀ 'ਵਾਜ ਨੂੰ। 

ਡੂੰਘੀਆਂ ਛੱਲਾਂ ਦੇ ਹੇਠੋਂ

ਹਾਕ ਮਾਰ ਨੀ! ਜਿੰਦਾਂ ਰਹਿਣ ਮੋਈਆਂ– 

ਸ਼ਮਸ਼ਾਨਾਂ ਦੇ ਸੀਨਿਆਂ ਅੰਦਰ

ਭਾਰੀਆਂ ਛੱਲਾਂ ਉਛਾਲਾ ਖਾਣ ਨੀ—

ਕੋਟ ਫ਼ਜਰਾਂ ਦੀਆਂ ਨਸਾਂ ਦੇ ਅੰਦਰ 

ਜਾ ਧਸੇ ਤੈਂਡੀ ਅਜ਼ਾਨ ਨੀ।

ਪਹਾੜਾਂ ਦੀ ਡੱਕੀ ਨਜ਼ਰ ਵਿਚ ਖੜੀ ਜੋ ਮੌਤ ਹੈ 

ਉਸਦੀਆਂ ਅਨਿਕ ਨਸਾਂ ਵਿਚ ਗਰਜਦੀ

ਰੁੱਖਾਂ ਦੇ ਸਿਰਾਂ 'ਤੇ ਸੁੱਟੇ

ਸੱਸੀ ਦੀ ਆਹ ਨੂੰ ਪੁੱਟ ਕੇ

ਇਹ ਰਾਵੀ ਅੱਥਰੀ ਸੋਹਣੀ;

ਬਾਬਾ ਜੀ!

ਤੇਰੇ ਰਬਾਬ ਦੀਆਂ ਹੱਦਾਂ 'ਚੋਂ

ਪਾੜ ਪਾੜ ਕੇ ਕੱਢੇ ਥਲਾਂ ਦੇ ਬੋਲ ਨੂੰ !

ਰਾਵੀਏ! ਅਜ਼ਲ ਦੇ ਸਫ਼ਰਾਂ ਤੋਂ ਲੰਮੀਏਂ 

ਜਾਂਗਲੀ ਮੁਲਖਾਂ ਦੀ 'ਵਾਜ ਨੂੰ

ਬਿਰਖਾਂ ਦੀ ਟੀਸੀਆਂ ਤੋਂ ਸੁੱਟੀਂ;

ਨਾਗਾਂ ਦੇ ਫਣਾਂ 'ਚੋਂ ਕੱਢੀਂ

ਮ੍ਹਾਰੂਆਂ ਦੀ ਦਰਿਆ 'ਤੇ ਫੈਲੀ ਹਵਾੜ 'ਚੋਂ ਲੁੱਟੀਂ,

ਧਰਤ ਦੇ ਕਾਮ ਨਿਚੋੜਦੇ ਸਾਹਨਾਂ ਦੀਆਂ

ਮਸਤ ਅੱਖਾਂ 'ਚੋਂ ਨੋਚੀਂ,

ਘਾਹ 'ਤੇ ਚੜ੍ਹੀ ਸ਼ਰਾਬ ਨੂੰ ਪੀਵੀਂ,

ਸਾਂਦਲ ਬਾਰ ਦੀ ਅੱਧੀ ਰਾਤ ਦੇ ਚੋਰਾਂ ਦੇ 

ਖੁੱਲ੍ਹਿਆਂ ਮੈਦਾਨਾਂ 'ਚ ਫੈਲੇ ਬੇਪਰਵਾਹ ਕਦਮਾਂ ਦੀ 

ਰੁੱਖਾਂ ਤੇ ਪਸ਼ੂਆਂ ਨਾ' ਖੇਲ੍ਹਦੀ ਮੌਜ 'ਚੋਂ ਡੀਕੀਂ।

ਰਾਵੀਏ ਅਜ਼ਲ ਦੇ ਸਫ਼ਰਾਂ ਤੋਂ ਲੰਮੀਏਂ, 

ਜਾਨ ਹੋ ਜਾਵੀਂ, ਜਾਨ ਨਾ' ਲਾਵੀਂ, 

ਸੋਹਣਿਆਂ ਜਾਂਗਲੀ ਮੁਲਖਾਂ ਦੀ 'ਵਾਜ ਨੂੰ 

ਬੰਨ੍ਹ ਦੇਵੀਂ ਬਘਿਆੜ ਦੀ ਨੇਸ ਦੀ ਨੋਕ 'ਤੇ-

ਨਾਗਾਂ ਦੀ ਜ਼ਹਿਰ ਉਛਾਲ ਦੇਵੀਂ

ਘੋੜਾਂ ਦੀ ਟਾਪ ਦੇ ਅੰਨ੍ਹੇ ਘਮਸਾਨ ਉਛਾਲ ਦੇਵੀਂ।

ਰਾਵੀਏ! ਵਕਤ ਦੇ ਆਵੇਸ਼ ਵਿਚ ਵਗਦੀਏ 

ਅਰਜਨ ਪਿਆਰੇ ਜੋ ਬੋਲ ਨਹੀਂ ਬੋਲਿਆ

ਉਹ ਪੰਜੇ ਜਿਉਂ ਖੜੇ ਹੋਏ ਰੋਹ ਝੁਲਾਵੀਂ। 

ਨਾਨਕ ਦੇ ਰਬਾਬ ਦੇ ਟੁੱਟਣ ਵੇਲੇ ਦੀ 

ਆਖ਼ਰੀ ਧਮਕ ਉਛਾਲੀਂ !

ਪਾੜ ਕੇ ਸ਼ੇਸ਼ ਨਾਗ ਦੀ ਜੀਭ 'ਚੋਂ ਕੱਢੀਂ

ਸੰਨ ਸੰਤਾਲੀ ਦੀ ਧੂੜ ਵਿਚ ਚੀਕਦੇ ਕਾਫ਼ਲੇ !

ਨੀ ਰਾਵੀਏ !

ਸੋਹਣਿਆਂ ਜਾਂਗਲੀ ਮੁਲਖਾਂ ਦੀ 'ਵਾਜ ਨੂੰ 

ਰੋ ਰੋ ਰੁਆਵੀਂ

ਰਗਾਂ 'ਤੇ ਚੜ੍ਹ ਚੜ੍ਹ ਰੁਆਵੀਂ !

(7)

ਅੱਧੀ ਰਾਤ ਦੇ ਬੇਲਿਆਂ ਅੰਦਰ

ਕਦੇ ਕਦੇ ਰਾਵੀ ਦੀ ਹੇਕ ਮੈਂ ਸੁਣਦਾ।

ਆਸਮਾਨਾਂ ਦੀ ਖ਼ੈਰ ਨਾਲ ਭਰਿਆ

ਕੋਈ ਕੋਈ ਤੁਬਕਾ ਮੇਰੇ ਮੱਥੇ 'ਤੇ ਵੱਜਦਾ

ਲਾਟ ਕੋਈ ਕੱਢਦਾ ਮੇਰੇ 'ਚੋਂ !

ਮੈਂ ਸੇਕ ਸਾਰਾ

ਸਿਖਰ ਦੁਪਹਿਰ ਦਾ ਹੜ੍ਹ ਬਣਿਆਂ

ਨੱਸਦਾ ਜਾਂਦਾ, ਸ਼ਹਿਰ ਲਾਹੌਰ ਦੇ ਉੱਚਿਆਂ ਬੁਰਜਾਂ ਦੇ ਵੰਨੇ

ਰੋਹੀਆਂ ਦੇ ਘਾਹ ਨੂੰ ਮਸਲਦਾ

ਅੰਨ੍ਹੇ ਵਾਹ ਨੱਸਦਾ ਜਾਂਦਾ-

ਮੈਂ ਸਾਰੇ ਆਸਮਾਨ 'ਤੇ ਦੰਦ ਪੀਂਹਦਾ

ਚਿੱਟਿਆਂ ਬਾਜ਼ਾਂ ਦੇ ਲਹੂ 'ਤੇ ਪੈਰ ਰਖਦਾ

ਜਲਾਂ-ਥਲਾਂ ਵਿਚ ਕਾਰਵਾਂ ਬਣਾ ਕੇ

ਨੱਸਿਆ ਫਿਰਦਾ ਰਹਿਮ ਦੇ ਰੋਹ ਨਾਲ ਭਰਿਆ !

ਲਹੂ ਦੇ ਸਮੁੰਦਰਾਂ 'ਚੋਂ ਨਿਕਲ ਕੇ ਲਾਟਾਂ ਛੱਡਦੀ 

ਵਜਦ ਦੀ ਕੂਕਦੀ ਤੰਦ ਵਿਚ 

ਮੌਤ ਦੀ ਅੰਨ੍ਹੀ ਅਯਾਲ ਸਮੇਟ ਕੇ 

ਮੈਂ ਚੀਖ ਕੇ ਹਿੱਕ ਨਾਲ ਲਾਉਂਦਾ— 

ਮੇਰੀ ਨੇਸ ਜਾ ਖੁੱਭਦੀ

ਕਾਲੇ ਬ੍ਰਾਹਮਣਵਾਦ ਦੀਆਂ ਜੜ੍ਹਾਂ ਵਿਚ 

ਖ਼ਾਲੀ ਵਪਾਰੀ ਹਿੰਦ ਦੇ ਅੰਧ ਵਿਚ।

ਰਾਵੀ ਦੇ ਝੱਖੜ ਧੁੰਮ ਪਾਂਵਦੇ ਹੇਠਾਂ 

ਪੀਲਿਆਂ ਪੁੱਤਾਂ ਜਿਉਂ ਰੋਲਦੇ ਜਾਂਦੇ, 

ਅਰਸ਼ ਦੀਆਂ ਭਖੀਆਂ ਕੋਟ ਸਿਖਰਾਂ 

ਤੋੜਦੇ ਜਾਂਦੇ ਕਾਲ-ਕਾਲਾਂ ਦੇ ਮੁਕਟ ਨੂੰ !

ਲੱਖਾਂ ਪੈਰ ਜਿਸ ਅੱਗ ਵਿਚ ਤਾਂਡਵ ਨਾਚ ਦੇ ਖੁਭੇ ਨੇ 

ਉਸ ਅੱਗ ਦਾ ਖੋਪਰ ਜਾ ਪਾੜਦੀ ਨਜ਼ਰ ਮੇਰੀ, 

ਸਾਵਨ ਮਹੀਨੇ ਦੇ ਮੋਰਾਂ ਦੀਆਂ ਲੰਮੀਆਂ ਕੂਕਾਂ 

ਵੰਗਾਰ ਕੇ ਕੱਢਦੀ-

ਫੈਲਦੇ ਪੰਜਾਬ ਦੀ ਧਰਤ 'ਤੇ

ਰਾਵੀ ਦੇ ਕੋਟਾਂ ਹੀ ਹੱਥ ਹੋ,

ਫਿਰ ਹੰਝੂਆਂ ਭਿੱਜੇ ਹੱਥ ਨੂੰ

ਮੈਂ ਪਾਣੀਆਂ ਦੇ ਝੱਖੜਾਂ 'ਚ ਡੋਬਦਾ— 

ਜਿਨ੍ਹਾਂ ਡੂੰਘੀਆਂ-ਭਰੀਆਂ ਨ੍ਹੇਰੀਆਂ ਅੰਦਰ 

ਅਨਿਕ ਰਾਹ ਚੀਕ-ਚਿਹਾੜਾ ਪਾਂਵਦੇ ਨੱਸਦੇ 

ਨੇਜ਼ੇ ਦੇ ਵਾਂਗ ਖੁਭਿਆ ਉਹਨਾਂ ਨ੍ਹੇਰੀਆਂ ਦੇ ਸੀਨੇ 

ਮੈਂ ਪਰਬਤਾਂ ਵਾਂਗ ਕਿਸੇ ਫਣ ਨੂੰ ਉੱਚਾ ਚੁੱਕਦਾ 

ਕੂੜ ਦੇ ਦਾਗ਼ਾਂ ਨੂੰ ਨਿਗਾਹ ਵਿਚ ਭਸਮ ਕਰਦਾ 

ਸੱਚ ਦੇ ਹੱਥਾਂ 'ਤੇ ਤੋਲਦਾ,

ਪੈਰ ਮਾਰ ਕੇ ਕੂੜ ਨੂੰ ਗਾਰਾਂ 'ਚ ਰੋਲਦਾ 

ਮੈਂ ਪਰਬਤਾਂ ਵਾਂਗ ਕਿਸੇ ਫਣ ਨੂੰ ਉੱਚਾ ਚੁੱਕਦਾ !

ਮੇਰੀ ਆਵਾਜ਼ ਪਈ ਆਂਵਦੀ ! .....

ਮੁੱਦਤਾਂ ਹੋਈਆਂ

ਰਣ ਸਭਰਾਉਂ 'ਤੇ ਸੂਰਜ ਛਿਪੇ ਨੂੰ,

ਵਗ ਵਗ ਦਰਿਆ ਸਤਲੁੱਜ ਪੁਕਾਰਿਆ

ਆਉਣ ਵਾਲੀਆਂ ਸਦੀਆਂ ਦੇ ਮੱਥੇ 'ਚ ਖੁਭੀਆਂ 

ਜਾਣ ਵਾਲੇ ਮੁਸਾਫ਼ਰਾਂ ਦੀਆਂ ਖ਼ੂਨੀ ਅੱਖੀਆਂ–

ਸ਼ਮਸ਼ੀਰਾਂ 'ਤੇ ਲਿਖੀਆਂ ਆਵਾਜ਼ਾਂ 

ਅੱਜ ਪੜ੍ਹੀਆਂ ਜਾਣ ਜੋ ਕਿਸੇ ਤੋਂ 

ਗਰਜ ਉਠਸਨ ਸਿਦਕ ਦੀ ਬਾਜ਼ੀ ਨੂੰ ਜਿੱਤ ਕੇ

ਅੰਬਾਂ ਦੇ ਬੂਰ ਜਿਉਂ ਫਲਿਆ

ਪੁਰੇ ਜਿਉਂ ਭਰਿਆ

ਪੀਲ੍ਹਾਂ ਦੀ ਮਿੱਠੀ ਕੌੜੱਤਣ ਜਿਉਂ ਟਸਕ ਕੇ ਲਿਫਿਆ 

ਕਿੰਨਾ ਪਿਆਰ ਨੀ ਤੇਰਾ ਰਾਵੀਏ !

ਤੂੰ ਰੁੱਖਾਂ ਦੇ ਵਾਂਗੂੰ ਸੁਹਾਂਵਦੀ ਰਾਵੀਏ !

ਨੀ ਛੱਲਾਂ ਵਾਲੀਏ !

ਨੀ ਮਿੱਟੀ ਤੋਂ ਪਿਆਰੀਏ !

ਧਰਤ ਦੀਆਂ ਜੜ੍ਹਾਂ 'ਚੋਂ ਉਛਾਲੀਂ

ਨੇਜ਼ਿਆਂ ਦੀ ਨੋਕ 'ਤੇ ਤੜਪਦੇ ਖ਼ੂਨ ਦੇ ਕਤਰੇ, 

ਜਿਨ੍ਹਾਂ ਦੀ ਅੱਗ ਹੇਠਾਂ

ਕਿਸੇ ਇਕਰਾਰ ਨੂੰ ਮੁੱਠੀ 'ਚ ਘੁੱਟ ਕੇ

ਮਾਵਾਂ ਦੇ ਪੁੱਤ ਅਣਭੋਲ ਹੀ ਮੋਏ !

ਇਕ ਪਲਸੇਟਾ ਮਾਰੀਂ ਪੈਗ਼ੰਬਰਾਂ ਦੀ ਨਜ਼ਰ ਵਰਗਾ

ਲੱਖ ਸੂਲੀਆਂ 'ਤੇ ਚੜ੍ਹੀ ਹੋਈ

ਪਟਕਾ ਕੇ ਮਾਰੀਂ ਜਾਨ ਸਾਰੀ,

ਧੋਬੀ ਦੇ ਪਟਕੇ ਜਿਉਂ ਨਦੀਆਂ ਹਜ਼ਾਰਾਂ 

ਪਟਕਾ ਕੇ ਸੁੱਟੀ ਪਹਾੜਾਂ ਦੇ ਮੱਥੇ 'ਤੇ

ਛੱਲਾਂ ਦੇ ਕੰਠ ਵਿਚ ਟੁੱਟਦੀਆਂ ਧਮਾਲਾਂ 

ਥੰਮ੍ਹਕੇ ਇਕ ਪਲ

ਡਾਢੀਏ ! ਹਾਕ ਕੋਈ ਮਾਰੀਂ, 

ਸਾਰੇ ਬਿਰਖ ਹਲੂਣ ਕੇ

ਫਿਰ ਥੰਮ੍ਹ ਕੇ

ਸੋਹਣੀਏਂ, 'ਵਾਜ ਕੋਈ ਦੇਵੀਂ !

📝 ਸੋਧ ਲਈ ਭੇਜੋ