ਰੱਬ ਦੇ ਕਾਹਦੇ ਰੰਗ ਨੀ ਅੜੀਏ !
ਹਰ ਕੋਈ ਦਿੱਸੇ ਤੰਗ ਨੀ ਅੜੀਏ ।
ਉਹ ਕਹਿੰਦੈ, ਬਈ ਬਸ ਕਰ, ਬਸ ਕਰ
ਉਸ ਛੇੜੀ ਹੈ ਜੰਗ ਨੀ ਅੜੀਏ ।
ਕਹਿੰਦੈ ਪੁੱਤਰਾ ਮਾਣ ਜਵਾਨੀ
ਨਾਲ਼ੇ ਕੱਪਦੈ ਫੰਗ ਨੀ ਅੜੀਏ ।
ਅੰਬਰਸਰ ਨੂੰ ਉਹ ਆਵਣਗੇ
ਮੈਂ ਵੀ ਜਾਣੈ ਝੰਗ ਨੀ ਅੜੀਏ ।
ਕਦੇ ਕਦਾਈਂ ਆ ਜਾਂਦਾ ਸੀ
ਅੱਜਕਲ੍ਹ ਬਦਲੇ ਢੰਗ ਨੀ ਅੜੀਏ ।
ਹੱਥ ਵਧਾਵਾਂ ਜਦ ਵੀ ਉਸ ਵਲ
ਅੱਗਿਓਂ ਮਾਰੇ ਡੰਗ ਨੀ ਅੜੀਏ ।
ਸੱਚ ਜਾਣੀ, ਕਿਆ ਫੱਬਦੀ ਤੇਰੇ
ਵੀਣੀਂ ਨੀਲੀ ਵੰਗ ਨੀ ਅੜੀਏ ।
ਓਹ! ਮੁੰਡਿਆਂ ਦੀ ਢਾਣੀ ਆਵੇ
ਮੋਢੇ ਚੁੰਨੀ ਟੰਗ ਨੀ ਅੜੀਏ ।
ਰੰਗੀ ਜਾਂਦਾ ਰੱਬ ਲਲਾਰੀ
ਵੰਨ ਸਵੰਨੇ ਰੰਗ ਨੀ ਅੜੀਏ ।