ਕਦੇ ਕਦੇ ਰੱਬ ਵੀ ਗਲਤੀ ਕਰਦਾ ਹੈ
ਜਦੋਂ ਉਹ ਅੱਧ ਅਧੂਰੇ ਨਰ ਨਾਰੀ
ਖ਼ੁਸਰੇ ਪੈਦਾ ਕਰਦਾ ਹੈ
ਕਦੇ ਕਦੇ
ਨਰ ਦੇ ਜਿਸਮ ਵਿੱਚ ਨਾਰੀ
ਤੇ ਨਾਰੀ ਦੇ ਕਲਬੂਤ ਵਿੱਚ ਨਰ ਪੈਦਾ ਕਰਦਾ ਹੈ
ਸਮਲਿੰਗੀ ਖਿੱਚ ਪੈਦਾ ਕਰਦਾ ਹੈ
ਧਰਮ ਵੀ ਇਹਨਾਂ ਬਾਰੇ ਮੂਕ ਹੈ
ਤੇ ਜ਼ਮਾਨੇ ਦਾ ਮਤਰੇਏ ਮਾਪਿਆਂ ਵਾਲਾ ਸਲੂਕ ਹੈ
ਤਾਂਹੀਓਂ ਜਦ
ਬਨਵਾਸ ਜਾਂਦੇ ਰਾਮ ਨੇ
ਆਪਣੇ ਨਾਲ ਵਿਦਾ ਕਰਨ ਆਏ ਸ਼ਰਧਾਲੂਆਂ ਨੂੰ
ਅਧਵਾਟ ਪਹੁੰਚ ਕਿਹਾ ਸੀ :
ਸਭ ਨਰ ਨਾਰੀ ਹੁਣ ਵਾਪਸ ਪਰਤ ਜਾਓ
ਤਾਂ ਕਿੰਨਰਾਂ ਲਈ ਕੋਈ ਆਦੇਸ਼ ਨਹੀਂ ਸੀ
ਸਭ ਨਰ ਨਾਰੀ ਪਰਤ ਆਏ ਸੀ
ਕਿੰਨਰ ਉੱਥੇ ਹੀ ਬੈਠੇ ਰਹੇ
ਬਿਨਾ ਕਾਰਨ ਬਨਵਾਸ ਕੱਟਦੇ ਰਹੇ
ਉਹ ਅਜੇ ਵੀ
ਉੱਥੇ ਹੀ ਬੈਠੇ ਹਨ
ਬਨਵਾਸ ਭੋਗ ਰਹੇ ਹਨ
ਸਦੀਆਂ ਤੋਂ …।