ਰੱਬ ਦੀ ਲੀਲ੍ਹਾ

ਅਸਟਰੀਆ ਵਿੱਚ ਇੱਕ ਪਿਓ ਨੇ

ਆਪਣੀ ਹੀ ਬੇਟੀ ਨੂੰ

24 ਸਾਲ ਭੋਰੇ ਵਿੱਚ ਕੈਦ ਰੱਖਿਆ

ਛੇ ਬੱਚੇ ਪੈਦਾ ਕੀਤੇ

ਮੈਂ ਤੇਰੀ ਇਹ ਲੀਲ੍ਹਾ ਦੇਖ ਨਹੀਂ ਸਕਦਾ ਪ੍ਰਭੂ

ਇਹ ਸੀਨ ਕੱਟ ਦੇ

ਅਰਬ ਦੇ ਸ਼ੇਖ

ਭਾਰਤ ਵਿੱਚੋਂ

ਛੋਟੇ ਬੱਚੇ ਮੰਗਵਾਉਂਦੇ ਹਨ

ਊਠਾਂ ਤੇ ਬਿਠਾਕੇ ਬੰਨ੍ਹ ਦਿੰਦੇ ਹਨ

ਬੱਚੇ ਚੀਕਾਂ ਮਾਰਦੇ ਹਨ

ਊਠ ਦੌੜਦੇ ਹਨ।

ਊਠ ਹੋਰ ਦੌੜਦੇ ਹਨ

ਬੱਚੇ ਹੋਰ ਚੀਕਦੇ ਹਨ

ਮੈਂ ਤੇਰੀ ਇਹ ਲੀਲ੍ਹਾ ਦੇਖ ਨਹੀਂ ਸਕਦਾ ਪ੍ਰਭੂ

ਤੂੰ ਇਹ ਸੀਨ ਵੀ ਕੱਟ ਦੇ

ਬਾਰਡਰ ਤੇ ਤਾਇਨਾਤ

ਕੋਈ ਟੱਬਰਦਾਰ ਸਿਪਾਹੀ

ਦੂਜੇ ਮੁਲਕ ਦੀ

ਜੇਲ੍ਹ ਵਿੱਚ ਪਹੁੰਚ ਜਾਂਦਾ ਹੈ

ਪੱਚੀ ਸਾਲ ਜੇਲ੍ਹ ਵਿੱਚ ਸੜਦਾ ਹੈ

ਕੋਈ ਉਸ ਨੂੰ ਮਿਲਣ ਨਹੀਂ ਆਉਂਦਾ

ਰੋਜ਼ ਆਪਣੇ ਬੱਚਿਆਂ ਨੂੰ ਯਾਦ ਕਰਦਾ

ਪਾਗਲ ਹੋ ਜਾਂਦਾ ਹੈ

ਮੈਂ ਤੇਰੀ ਇਹ ਲੀਲ੍ਹਾ ਦੇਖ ਨਹੀਂ ਸਕਦਾ ਪ੍ਰਭੂ

ਇਹ ਸੀਨ ਵੀ ਕੱਟਦੇ

ਨਿੱਕੀ ਬੇਟੀ ਨੂੰ ਕੋਈ ਗਰੀਬ ਪਿਓ

ਵੇਚ ਦਿੰਦਾ ਹੈ

ਜੁਆਨ ਹੋਣ ਤੋਂ ਪਹਿਲਾਂ

ਧੰਦਾ ਸ਼ੁਰੂ ਕਰ ਲੈਂਦੀ ਹੈ

ਮਾਂ ਨੂੰ ਯਾਦ ਕਰਕੇ ਰੋਂਦੀ ਹੈ

ਆਪਣੇ ਘਰ ਵਾਪਸ ਨਹੀਂ ਜਾ ਸਕਦੀ

ਤੇਰੀ ਇਹ ਲੀਲ੍ਹਾ ਮੈਂ ਦੇਖ ਨਹੀਂ ਸਕਦਾ ਪ੍ਰਭੂ

ਤੂੰ ਇਹ ਸੀਨ ਵੀ ਕੱਟਦੇ

ਤੂੰ ਸਰਬ ਸਮਰੱਥ ਹੈਂ ਮਾਲਕ

ਇਹ ਲੀਲ੍ਹਾ ਨਵੇਂ ਸਿਰੇ ਤੋਂ ਸ਼ੁਰੂ ਕਰ

📝 ਸੋਧ ਲਈ ਭੇਜੋ