(ਸਦੀਆਂ ਤੋੱ ਦੇਵਦਾਸੀ ਪ੍ਰਥਾ ਦਾ ਸ਼ਿਕਾਰ
ਹੋਈਆਂ ਔਰਤਾਂ ਦੇ ਨਾਮ)
ਦਰਾਵੜ ਦੇਸ਼ ਦੇ ਮੰਦਰਾਂ ਅੰਦਰ ਐਸਾ ਇੱਕ ਵਿਧਾਨ
ਧੀਆਂ ਚੜ੍ਹਨ ਚੜ੍ਹਾਵਾ ਜਿੱਥੇ ਖੁਸ਼ ਹੋਵੇ ਭਗਵਾਨ
ਕੈਸਾ ਇਹ ਵਿਧਾਨ ਵੇ ਲੋਕੋ ਕੈਸਾ ਇਹ ਵਿਧਾਨ
ਧੀਆਂ ਦਾ ਜੋ ਲਵੇ ਚੜ੍ਹਾਵਾ ਕੈਸਾ ਇਹ ਭਗਵਾਨ ?
ਕੈਸਾ ਇਹ ਵਿਧਾਨ ਓ ਰੱਬਾ ! ਕੈਸਾ ਇਹ ਵਿਧਾਨ
ਮਰਦਾਂ ਦੀ ਅੱਯਾਸ਼ੀ ਦੇ ਲਈ ਨਾਰੀਆਂ ਦਾ ਬਲੀਦਾਨ
ਰੱਬ ਦੇ ਨਾਂ ਦੇ ਉੱਤੇ ਕਿੰਨੀਆਂ ਬਣੀਆਂ ਕੂੜ ਰਵਾਇਤਾਂ
ਦੇਵਦਾਸੀਆਂ ਕਹਿਣ ਜਿਨਾਂ ਨੂੰ ਅਸਲ ‘ਚ ਉਹ ਤਵਾਇਫਾਂ
ਜੋਰਾਵਰ ਜ਼ਰਦਾਰ ਪੁਜਾਰੀ ਰਲ ਮਿਲ ਸਭ ਸ਼ੈਤਾਨ
ਰੱਬ ਦੀ ਪਤਨੀ ਕਹਿ ਨਾਰੀ ਨਾਲ ਆਪਣੀ ਸੇਜ ਸਜਾਣ
ਨਾ ਰਾਜੇ ਦੀ ਬੇਟੀ ਨਾ ਹੀ ਸਵਰਨਾ ਅਹਿਲਕਾਰਾਂ ਦੀ
ਦਾਸੀ ਸਦਾ ਹੀ ਕਿਉਂ ਬਣਦੀ ਹੈ ਕੰਮੀਆਂ ਦੇ ਪਰਿਵਾਰਾਂ ਦੀ ?
ਉੱਚੇ ਉੱਚੇ ਗੁੰਬਦ ,ਉਤੇ ਕਲਸ਼ਾਂ ਦੇ ਲਿਸ਼ਕਾਰੇ
ਨੀਂਹਾਂ ਵਿੱਚ ਕੰਕਾਲ ਧੀਆਂ ਦੇ ਧਰਮਾਂ ਦੇ ਬਲਿਹਾਰੇ
ਮੰਦਰਾਂ ਵਿੱਚ ਅਣਦਿਸਦੇ ਖੰਡਰ , ਰੀਤਾਂ ਵਾਂਗ ਚੁੜੇਲਾਂ
ਪੂਜਾ ਘਰਾਂ ਦੇ ਚਕਲਿਆਂ ਅੰਦਰ ਰੱਬ ਦੀਆਂ ਰਹਿਣ ਰਖੇਲਾਂ
ਧੁਖ ਧੁਖ ਕੇ ਜਿਸਰਾਂ ਮੁੱਕ ਜਾਵੇ ਧੂਫ ਧਾਮ ਦੇ ਅੰਦਰ
ਦੇਵਦਾਸੀਆਂ ਦੀ ਹਯਾਤੀ ਵੀ ਐਸਾ ਹੀ ਮੰਜਰ
ਧਰਮਾਂ ਦੇ ਕੁਕਰਮਾਂ ਵਾਲੀ ਗਾਥਾ ਬੜੀ ਲੰਮੇਰੀ
ਔਰਤ ਦਲਿਤ 'ਤੇ ਸਦੀਆਂ ਤੋਂ ਹੈ ਝੁੱਲੀ ਦਮਨ ਹਨੇਰੀ
ਅਣਵਿਆਹੀਆਂ ਮਾਂਵਾਂ ਦੀ ਜਿੱਥੇ ਰੁਲ਼ਦੀ ਏ ਸੰਤਾਨ
ਮੇਰਾ ਹਿੰਦੁਸਤਾਨ ਨਿਆਰਾ ਪਿਆਰਾ ਹਿੰਦੁਸਤਾਨ।