ਰੱਬ ਵਰਗੇ ਕਾਫ਼ਿਰ ਮਾਹੀ

ਰੱਬ ਵਰਗੇ ਕਾਫ਼ਿਰ ਮਾਹੀ ਨੇ ਮੂੰਹ ਤੋਂ ਜਾਂ ਘੁੰਡ ਸਰਕਾਇਆ ਏ,

ਮੁਲਾਂ ਨੂੰ ਮਸਲੇ ਭੁੱਲ ਗਏ,ਪੰਡਤ ਨੇ ਹੋਸ਼ ਭੁਲਾਇਆ ਏ।

ਗੁਲਫਾਮ ਨੇ ਕੇ ਗੁਲਸ਼ਨ ਵਿੱਚ ਖਬਰੇ ਕੀ ਗੁਲ ਖਿਲਾਇਆ ਏ,

ਸਾਹ ਸੁਕ ਗਏ ਨੇ ਫੁੱਲਾਂ ਦੇ, ਕਲੀਆਂ ਨੂੰ ਪਸੀਨਾ ਆਇਆ ਏ।

ਮੈਂ ਅਪਣਾਇਆ, ਤੂੰ ਠੁਕਰਾਇਆ, ਮੈਂ ਦਿਲ ਦਿੱਤਾ, ਤੂੰ ਗ਼ਮ ਦਿੱਤੇ,

ਮੈਂ ਅਪਣਾ ਫ਼ਰਜ਼ ਨਿਭਾਇਆ ਏ, ਤੂੰ ਅਪਣਾ ਫ਼ਰਜ਼ ਨਿਭਾਇਆ

ਮੈਂ ਬੈਠਾ ਹਾਂ ਮੈਖ਼ਾਨੇ ਵਿੱਚ, ਰੱਬ ਮੇਰੇ ਦਿਲ ਵਿੱਚ ਬੈਠਾ ਏ,

ਵਾਅਜ਼ ਨੇ ਐਵੇਂ ਮਸਜ਼ਿਦ ਵਿੱਚ, ਸਿਰ ਤੇ ਅਸਮਾਨ ਉਠਾਇਆ ਏ।

ਹੰਝੂਆਂ ਦੀ ਜ਼ਬਾਨੀ ਮਹਿਫ਼ਿਲ ਵਿੱਚ ਦੁੱਖਾਂ ਦੀ ਕਥਾ ਸੁਣਾ ਕੇ ਮੈਂ,

ਦਿਲਬਰ ਨੂੰ ਵੀ ਤੜਫਾਇਆ ਏ, ਗੈਰਾਂ ਨੂੰ ਵੀ ਤੜਫਾਇਆ ਏ।

ਜ਼ਾਲਮ ਅਸਮਾਨ ! ਤੂੰ ਸੰਭਲ ਜ਼ਰਾ, ਮੈਂ ਤੇਰਾ ਕਲੇਜਾ ਸਾੜਨ ਲਈ,

ਬਿਜਲੀ ਦੀ ਹਿੱਕ ਤੇ ਚਿੱਟੇ ਦਿਨ, ਹੁਣ ਆਪਣਾ ਆਲ੍ਹਣਾ ਪਾਇਆ ਏ।

ਤੂੰ ਅੱਖੀਆਂ ਫੇਰ ਕੇ ਵੇਖ ਲਿਆ, ਮੈਂ ਜ਼ਿਗਰਾ ਕਰਕੇ ਵੇਖ ਲਿਆ,

ਤੈਨੂੰ ਵੀ ਚੈਨ ਨਾ ਆਇਆ ਏ, ਮੈਨੂੰ ਵੀ ਚੈਨ ਨਾ ਆਇਆ ਏ।

ਮੈਂ ਥਲ ਦੇ ਵਿੱਚ ਜਲਦਾ ਵੀ ਹਾਂ, ਤੇ ਹਰ ਪਾਸੇ ਜਲ ਥਲ ਵੀ ਹੈ,

ਅੱਖੀਆਂ ਦਾ ਪਾਣੀ ਸੁੱਕ ਗਿਆ, ਪਰ ਗਲ ਗਲ ਪਾਣੀ ਆਇਆ ਏ।

ਪੱਥਰ ਦਿਲ ! ਤੂੰ ਕੀ ਸਮਝੇਂ, ਮੈਂ ਠੰਢੀਆਂ ਆਹਾਂ ਭਰ ਭਰ ਕੇ,

ਪੱਥਰ ਵੀ ਪਾਣੀ ਕੀਤੇ ਨੇ, ਪਾਣੀ ਨੂੰ ਲਾਂਬੂ ਲਾਇਆ ਏ।

ਤੂੰ ਹੁਸਨ ਦੀ ਦੌਲਤ ਪਾਈ ਏ, ਮੈਂ ਗ਼ਮ ਦੀ ਦੌਲਤ ਪਾਈ ਏ,

ਤੇਰਾ ਵੀ ਇਹ ਸਰਮਾਇਆ ਏ, ਮੇਰਾ ਵੀ ਇਹ ਸਰਮਾਇਆ ਏ।

ਦਿਲ ਉਤੇ ਪੱਥਰ ਧਰ ਕੇ ਮੈਂ, ਉਸ ਪੱਥਰ ਦਿਲ ਦੀਆਂ ਜਰਦਾ ਹਾਂ,

ਆਪਣਾ ਦਿਲ ਉਸਦੇ ਦਿਲ ਵਰਗਾ ਮੈਂ ਮੁਸ਼ਕਿਲ ਨਾਲ ਬਣਾਇਆ ਏ।

ਇਹ ਦਿਲ ਦਿਲਬਰ ਦਾ ਬਣਿਆ ਏ, ਦਿਲਬਰ ਗੈਰਾਂ ਦਾ ਬਣਿਆ ਏ,

ਇਸ ਦੁੱਖਾਂ ਮਾਰੀ ਜਿੰਦੜੀ ਦਾ ਪਰ ਗ਼ਮ ਨੇ ਸਾਥ ਨਿਭਾਇਆ ਏ।

ਮੈਂ ਹੁਸਨ ਸ਼ਮਾ ਦਾ ਪਰਵਾਨਾ ਪਰ ਸ਼ਮਾ ਵਾਂਗ ਹੀ ਸੜਦਾ ਹਾਂ,

"ਮੁਸ਼ਤਾਕ " ਇਸ਼ਕ ਦੀ ਅੱਗ ਵਿੱਚੋਂ ਮੈਂ ਹੁਸਨ ਜਲਾਲੀ ਪਾਇਆ ਏ।

📝 ਸੋਧ ਲਈ ਭੇਜੋ