ਰੱਬਾ ਦਰਿਆ-ਏ-ਦਰਦ ਵਹਾ
ਰੂਹ ਮੇਰੀ ਏ ਸੱਖਣੀ ਹੋਈ
ਕੋਈ ਬਿਰਹਾ ਵਾਲੀ ਬਾਰਿਸ਼ ਪਾ ।
’ਕੱਲਾ ਬੈਠਾਂ ਬਣਾਂ ਬਾਦਸ਼ਾਹ
ਨਿੱਜ ਘਰ ਵਾਸਾ ਹੋਏ ਮੇਰਾ
ਜੰਗਲ ਬੇਲੇ ਫਿਰਾਂ ਮੈਂ ਫੱਕੜ
ਫੁੱਲ, ਬੂਟੇ, ਪੰਛੀ ਮਿੱਤਰ ਬਣਾ ।
ਤਪਦੀ ਧੁੱਪ ਵਿੱਚ ਫਿਰ ਮੈਂ ਘੁੰਮਾਂ
ਉਡਦੇ ਘੱਟੇ ਫੇਰ ਨਵ੍ਹਾ
ਸਿਰ ਤੋਂ ਪੈਰੀਂ ਪੂਰਾ ਭਿੱਜਾਂ
ਐਸੀ ਛਮਛਮ ਬਾਰਿਸ਼ ਪਾ।
ਬਿਰਹਾ ਦਾ ਸੁਲਤਾਨ ਕਹੀਦੈਂ
ਬੈਰਾਗੀ ਰੂਹਾਂ ਵਿੱਚ ਰਹੀਦੈਂ
ਮੈਂ ਚਾਤ੍ਰਿਕ ਦੀਦਾਰ ਪਿਆਸਾ
ਦੇ ਬੂੰਦ ਸੁਆਂਤੀ ਪਿਆਸ ਬੁਝਾ ।
ਸੁਣਿਐ ਕੁਦਰਤ ਵਿੱਚ ਵਸਣੈ
ਪੰਖ ਮੇਰੇ ਵੀ ਸੀਨੇ ਲਾ
ਕਣ ਕਣ ਤੈਨੂੰ ਰਮਿਆ ਵੇਖਾਂ
ਰਜ ਰਜ ਕਰਾਂ ਦੀਦਾਰ ਤੇਰਾ ।
‘ਉੱਪਲ’ ਹਰ ਦਿਲ ਅੰਦਰ ਵਸਦੈ
ਰਹਿੰਦਾ ਹਸਦਾ, ਨਚਦਾ ਟਪਦੈ
ਕੀ ਜਾਣਾ ਕਿਤੇ ਮਿਲੇ ਮੁਹੱਬਤ
ਹੋਵੇ ਜੀਣਾ ਸਾਕਾਰ ਮੇਰਾ ।