ਰੱਬੀ ਨਿਜ਼ਾਮ

ਧਰਤੀ ਦਾ ਵੀ ਅਜੀਬ ਸਫਰ ਹੈ

ਜਿਵੇਂ ਸਰਕਾਰੀ ਬੱਸ ਦੀ ਸੁਆਰੀ ਹੋਏ

ਖੜਕਦਿਆਂ ਦਿਨ ਗੁਜ਼ਰਦੇ ਹਨ

ਟੋਏ ਪਾਰ ਕਰਦਿਆਂ

ਉਮਰ ਲੰਘ ਜਾਂਦੀ ਹੈ

ਇਹ ਵੀ ਕੀ ਸਫਰ ਹੋਇਆ

ਹਰ ਕਦਮ ਨਾਲ

ਦਿਲ ਨੂੰ ਡੋਲ ਪੈਂਦਾ ਹੈ

ਰੂਹ ਦੇ ਟਾਂਕੇ ਦੁਖਦੇ ਹਨ

ਨਾ ਤੁਰਕੇ ਜੀਣਾ ਹੋਇਆ

ਨਾ ਖੜ੍ਹਕੇ

ਰੱਬ ਵੀ ਤਾਂ ਸੱਚੀ ਸਰਕਾਰ ਹੈ

ਉਸਦਾ ਨਿਜ਼ਾਮ ਵੀ ਸਰਕਾਰੀ ਹੈ

ਸਭ ਕੁੱਝ ਖੜਕਦਾ ਹੈ

ਬਹੁਤ ਕੁੱਝ ਰੜਕਦਾ ਹੈ

ਵੀਰਾਨ ਰੂਹਾਂ ਤੇ

ਰਿਸ਼ਤੇ ਭਿਣਕਦੇ ਹਨ

ਕੋਈ ਕਰੇ ਤਾਂ ਕੀ ਕਰੇ

ਬਿਨਾਂ ਦੁਖਿਆਂ

ਇਹ ਯਾਤਰਾ ਪੂਰੀ ਨਹੀਂ ਹੁੰਦੀ

ਸਭ ਪਾਸੇ

ਅਨੋਖੀਆਂ ਬਸਤੀਆਂ ਹਨ

ਇਕ ਬਸਤੀ ਰਿਸ਼ਤਿਆਂ ਦੀ

ਮੱਕੜੀ ਦੇ ਜਾਲੇ ਵਾਂਗ ਲਟਕਦੀ

ਆਪੇ ਸਿਰਜਿਆ

ਖੁਦਕੁਸ਼ੀ ਦਾ ਸਮਾਨ

ਇੱਕ ਬਸਤੀ ਖਾਹਸ਼ਾਂ ਦੀ

ਜਿਹੜੀ ਚੰਡੋਲ ਵਾਂਗ

ਉਪਰ ਲਿਜਾਂਦੀ ਹੈ

ਪਰ ਵਾਪਸ ਨਹੀਂ ਲਿਆਂਦੀ

ਸਿਧਾ ਥੱਲੇ ਡੇਗ ਦਿੰਦੀ ਹੈ

ਮੁਹੱਬਤ ਦਾ

ਇੱਕ ਰੇਗਿਸਤਾਨ ਹੈ

ਚਮਕਦੀ ਧੁਪ ਵਿੱਚ

ਪਾਣੀ ਦਾ ਭਰਮ ਪੈਂਦਾ ਹੈ

ਪਾਣੀ ਤੱਕ ਹੱਥ ਨਹੀਂ ਪਹੁੰਚਦਾ

ਭਰਮ ਅੱਗੇ ਅੱਗੇ

ਤੁਰਦਾ ਜਾਂਦਾ ਹੈ

ਰੱਬ ਦੀ ਵਿਸ਼ਾਲ ਕਾਇਨਾਤ ਵਿੱਚ

ਧਰਤੀ ਕੋਈ ਜੇਲ੍ਹਖਾਨਾ ਹੈ ਸ਼ਾਇਦ

ਇਨਸਾਨ ਇਸ ਦਾ ਕੈਦੀ ਹੈ

ਇਨ੍ਹਾਂ ਦੀਵਾਰਾਂ ਦੇ ਅੰਦਰ

ਮੁਕਤੀ ਕਿੱਥੋਂ

ਜੀਵਨ ਵਫਾ ਵਰਗਾ ਕੋਈ ਸ਼ਬਦ ਹੈ

ਇਸ ਦੇ ਅਰਥ ਬਦਲ ਜਾਂਦੇ ਹਨ

ਸਚਾਈ ਹਵਾ ਵਾਂਗ ਹੈ

ਇਸ ਨੂੰ ਪਕੜ ਨਹੀਂ ਸਕਦੇ

ਮੁਹੱਬਤ ਕੋਈ ਅਸਮਾਨੀ ਬਿਜਲੀ ਹੈ

ਇੱਕ ਵਾਰ ਪੈਂਦੀ ਹੈ

ਸਾੜ ਜਾਂਦੀ ਹੈ

ਚੱਲ ਮਨਾ, ਵਾਪਸ ਚੱਲੀਏ

ਦੁਨੀਆ ਇਹ ਦੇਖ ਲਈ ਹੈ

📝 ਸੋਧ ਲਈ ਭੇਜੋ