ਰਾਹਬਰੀ ਦੇ ਪੂਜ ਕੇ

ਰਾਹਬਰੀ ਦੇ ਪੂਜ ਕੇ ਨਿੱਤ ਪੱਥਰ ਨਵੇਂ-ਨਵੇਂ। 

ਗਾਹੁਣਾ ਚਾਹੇ ਆਦਮੀ ਨਿੱਤ ਅੰਬਰ ਨਵੇਂ-ਨਵੇਂ। 

ਸੁਪਨਿਆਂ ਵਿਚ ਵੇਖਦਾ ਹਾਂ ਮੰਜ਼ਰ ਨਵੇਂ-ਨਵੇਂ। 

ਅੱਖ ਖੁੱਲ੍ਹੇ ਨਜ਼ਰ ਆਵਣ ਖੰਡਰ ਨਵੇਂ-ਨਵੇਂ। 

ਹੁਣ ਪੁਰਾਣੇ  ਯਾਰ ਦਾ ਖ਼ਤ ਮਿਲਦਾ ਜਦੋਂ ਕਦੇ, 

ਮੇਰੀਆਂ ਅੱਖਾਂ 'ਚ ਚੁਭਦੇ  ਅੱਖਰ ਨਵੇਂ-ਨਵੇਂ। 

ਤੂੰ ਹੀ ਦੱਸ ਕਿ ਕਿਹੜੇ ਦਰ 'ਤੇ ਯਾਰ ਮੈਂ ਦਸਤਕ ਦਿਆਂ 

ਉੱਗੇ ਨੇ  ਹਰ  ਦੇਹਲੀ  ਉਤੇ  ਖੰਜਰ  ਨਵੇਂ  ਨਵੇਂ। 

ਭਟਕਣਾ ਦੇ ਦੌਰ ਦਾ ਅੰਤ ਦਿਸਦਾ ਨਹੀਂ ਕਿਤੇ, 

ਹਰ ਕਦਮ 'ਤੇ ਬਣ ਰਹੇ ਨੇ ਰਾਹਬਰ ਨਵੇਂ-ਨਵੇਂ। 

ਸ਼ੀਸ਼ਿਆਂ ਦੇ ਪਹਿਨ ਵਸਤਰ ਤੁਰਦਾਂ ਜਦੋਂ ਵੀ 'ਮਾਨ', 

ਜ਼ਿਹਨ ਵਿਚ ਵਜਦੇ ਬੜੇ ਨੇ ਪੱਥਰ ਨਵੇਂ-ਨਵੇਂ।

📝 ਸੋਧ ਲਈ ਭੇਜੋ