ਰਕਤ ਵਿੱਚ ਲਾਲਗੀ ਬੜੀ ਹੈ ਅਜੇ
ਜ਼ੋਰ ਅਜਮਾਉਣ ਦੀ ਅੜੀ ਹੈ ਅਜੇ।
ਛੋੜ ਕੇ ਸ਼ਹਿਰ ਉਹ ਕਦੋਂ ਦੀ ਗਈ
ਉਹ ਤਾਂ ਹਰ ਮੋੜ ਤੇ ਖੜੀ ਹੈ ਅਜੇ।
ਮਰਨ ਦੀ ਬਾਤ ਕਾਹਨੂੰ ਪਾਈ ਭਲਾ
ਜ਼ਿੰਦਗੀ ਸਾਹਮਣੇ ਖੜੀ ਹੈ ਅਜੇ।
ਆਦਮੀ ਇੱਕ ਦਮੀ ਸੱਚ ਹੈ ਮਗ਼ਰ
ਜੀਣ ਦੀ ਲਾਲਸਾ ਬੜੀ ਹੈ ਅਜੇ।
ਚੰਦਰੀ ਹਵਾ ਉਡਾ ਨਾ ਦੇਵੇ ਕਿਤੇ
ਗੁੱਡੀ ਓਸ ਦੀ ਮਸਾਂ ਚੜ੍ਹੀ ਹੈ ਅਜੇ।
ਜ਼ਿੰਦਗੀ ਜੀਣ ਦੀ ਤਲਬ ਹੀ ਨਹੀਂ
ਉਸ ਤੇ ਮਰ ਜਾਣ ਦੀ ਘੜੀ ਹੈ ਅਜੇ।
ਮਹਿਕ ਫੁੱਲਾਂ ਦੀ ਛੂਹ ਜਾਵੇ ਇਵੇਂ
ਕੋਲ ਹੀ ਉਹ ਜਿਵੇਂ ਖੜੀ ਹੈ ਅਜੇ।
ਮੁਫ਼ਲਿਸੀ ਆਪਣੀ ਬਚੇਗੀ ਕਿਵੇਂ
ਸੌਣ ਰੁੱਤ ਦੀ ਲਗੀ ਝੜੀ ਹੈ ਅਜੇ।
ਛੋੜ ‘ਉੱਪਲ’, ਗਏ ਉਹ ਜਿਸ ਮੋੜ ਤੇ
ਆਸ ਆ ਜਾਣ ਦੀ ਬੜੀ ਹੈ ਅਜੇ।