ਮੈਂ ਕਰ ਕਰ ਜਤਨਾਂ ਹਾਰੀ,
ਰਾਮਾ, ਨਹੀਂ ਮੁੱਕਦੀ ਫੁਲਕਾਰੀ ।
ਲੈ ਕੇ ਅਜਬ ਸੁਗਾਤਾਂ,
ਸੈ ਰੁੱਤ ਮਹੀਨੇ ਆਏ,
ਕਰ ਉਮਰ ਦੀ ਪਰਦੱਖਣਾ
ਸਭ ਤੁਰ ਗਏ ਭਰੇ ਭਰਾਏ,
ਸਾਨੂੰ ਕੱਜਣ ਮੂਲ ਨਾ ਜੁੜਿਆ,
ਸਾਡੀ ਲੱਜਿਆ ਨੇ ਝਾਤ ਨਾ ਮਾਰੀ,
ਰਾਮਾ ਨਹੀਂ ਮੁੱਕਦੀ ਫੁਲਕਾਰੀ ।
ਜਿੰਦ ਨਿੱਕੜੀ ਤੇ ਹਾੜ੍ਹ ਮਹੀਨਾ,
ਤਨ ਤਪੇ ਪਸੀਨਾ ਚੋਏ,
ਅਸਾਂ ਮਹਿੰਗੇ ਮੁੱਲ ਦੇ ਮੋਤੀ,
ਇੰਝ ਪਤਲੀ ਦੇ ਪੱਟ ਪਰੋਏ,
ਇੰਝ ਮਿਹਨਤ ਦੇ ਵਿਚ ਬੀਤੀ
ਸਾਡੀ ਖੇਡਣ ਦੀ ਰੁੱਤ ਸਾਰੀ,
ਰਾਮਾ ਨਹੀਂ ਮੁੱਕਦੀ ਫੁਲਕਾਰੀ ।