ਮੈਂ ਕਰ ਕਰ ਜਤਨਾਂ ਹਾਰੀ,
ਰਾਮਾ, ਨਹੀਂ ਮੁਕਦੀ ਫੁਲਕਾਰੀ ।
ਲੈ ਕੇ ਲੱਖ ਅਜਬ ਸੁਗਾਤਾਂ,
ਸੈਅ ਰੁੱਤ-ਮਹੀਨੇ ਆਏ ;
ਕਰ ਉਮਰਾ ਦੀ ਪਰਦੱਖਣਾ,
ਸਭ ਤੁਰ ਗਏ ਭਰੇ ਭਰਾਏ ;
ਸਾਨੂੰ ਕੱਜਣ ਮੂਲ ਨ ਜੁੜਿਆ,
ਸਾਡੀ ਲੱਜਿਆ ਨੇ ਝਾਤ ਨ ਮਾਰੀ ;
ਰਾਮਾ, ਨਹੀਂ ਮੁਕਦੀ ਫੁਲਕਾਰੀ ।
ਜਿੰਦ ਨਿਕੜੀ ਤੇ ਹਾੜ੍ਹ ਮਹੀਨਾ,
ਤਨ ਤਪੇ ਪਸੀਨਾ ਚੋਏ ;
ਅਸਾਂ ਮਹਿੰਗੇ ਮੂਲ ਦੇ ਮੋਤੀ,
ਜਿੰਦ ਪਤਲੀ ਦੇ ਪੱਟ ਪਰੋਏ ;
ਇੰਜ ਮਿਹਨਤ ਦੇ ਵਿਚ ਬੀਤੀ
ਸਾਡੀ ਖੇਡਣ ਦੀ ਰੁੱਤ ਸਾਰੀ,
ਰਾਮਾ ਨਹੀਂ ਮੁੱਕਦੀ ਫੁਲਕਾਰੀ ।