ਰੰਗ ਬਰੰਗੇ ਸੱਲ ਆ ਲਾਏ ਮੈਨੂੰ ਦਿਲ ਦੀਆਂ ਗੱਲਾਂ ।
ਤਾਹੀਉਂ ਰਹੀ ਨਈਂ ਮੇਰੇ ਤੀਕਰ ਘਰ ਘਰ ਹੋਈਆਂ ਗੱਲਾਂ ।
ਹੰਝੂ ਆਪ ਮੁਹਾਰੇ ਤੇਰੇ ਵਾਂਗੂੰ ਵਗਦੇ ਜਾਂਦੇ,
ਪਲਕਾਂ ਰਾਤੀ ਪਲਕ ਨਹੀਂ ਲਾਈ ਉਹ ਕੀ ਲਾਵਣ ਠੱਲਾਂ ।
ਸਾਡੇ ਜਿੰਨਾਂ ਥਾਂ ਈ ਆਖ਼ਰ ਉਨ੍ਹਾਂ ਨੂੰ ਵੀ ਮਿਲਣਾ,
ਮੱਲੋ ਮੱਲੀ ਲੋਕੀ ਭਾਵੇਂ ਮਾਰੀ ਜਾਵਣ ਮੱਲਾਂ ।
ਜਿਨ੍ਹਾਂ 'ਲਾ' ਦਾ ਕਲਮਾ ਪੜ੍ਹਿਆ ਮੂੰੰਹੋਂ ਹਾਂ ਨਹੀਂ ਕਹਿੰਦੇ,
ਪੱਥਰ ਮਾਰੋ ਸੂਲੀ ਚਾੜ੍ਹੋ ਭਾਵੇਂ ਲਾਹ ਦਿਉ ਖੱਲਾਂ ।
ਪਹਿਲਾ ਵਰਕਾ ਪੜ੍ਹਦੇ ਹੀ ਨਹੀਂ ਰਹਿ ਗਈ ਸੁਰਤ ਟਿਕਾਣੇ,
ਦੱਸੋ ਕਿੰਜ ਅਖ਼ਬਾਰ ਨਵੇਂ ਦਾ ਅਗਲਾ ਵਰਕਾ ਥੱਲਾਂ ।
ਕਹਿਣ ਦਿਓ 'ਸੁਲਤਾਨ' ਦੇ ਅੱਗੇ ਜੋ ਜੋ ਵੀ ਮੈਂ ਕਹਿਣਾ,
ਹੜ੍ਹ ਦੇ ਵਿਚ ਦਰਿਆ ਤੋਂ ਵੰਨੇ ਆਉਣਾ ਹੁੰਦੈ ਛੱਲਾਂ ।