ਚੱਲ ਲੱਭੀਏ ਰੰਗ ਫ਼ਕੀਰਾਂ
ਝੰਗ ਬੇਲੇ ਰਾਂਝਣ ਹੀਰਾਂ
ਚੱਲ ਰਲੀਏ ਵਿੱਚ ਹਵਾਵਾਂ
ਹੋ ਜਾਈਏ ਲੀਰੋਂ ਲੀਰਾਂ
ਚੱਲ ਸੂਰਜ ਬੂਹੇ ਬੈਠੀਏ
ਅੱਗ ਭੱਖੀਏ ਸੁਰਖ਼ ਸ਼ਤੀਰਾਂ
ਚੱਲ ਰੂਹਾਂ ਦੇ ਨਾਲ ਖੇਡੀਏ
ਛੱਡ ਮਿੱਟੀ ਰਾਖ ਸਰੀਰਾਂ
ਚੱਲ ਸੁੰਨੀਆਂ ਪੈੜ੍ਹਾਂ ਰੰਗੀਏ
ਪੈਰੀਂ ਰਿਸਦੇ ਲਹੂ ਦੇ ਚੀਰਾਂ
ਚੱਲ ਬੂੰਦ-ਬੂੰਦ ਹੋ ਜਾਈਏ
ਮਿਲ ਜਾਈਏ ਡੂੰਘੇ ਨੀਰਾਂ
ਚੱਲ ਛੱਡੀਏ ਤਲਖ਼ ਤਮਾਂ ਦੀ
ਛੱਡ ਦਈਏ ਤਾਂਘ ਤਦਬੀਰਾਂ
ਚੱਲ ਝੁੱਗੀਆਂ ਚੌਂਕੇ ਲਿੱਪੀਏ
ਭੁੱਖ ਨਾਪੀਏ ਰੰਕ ਹਕੀਰਾਂ
ਬਣ ਵੱਜੀਏ ਕਾਹਨਾ ਬਾਂਸਰੀ
ਨਾਚ ਨੱਚੀਏ ਵਾਂਗਰ ਮੀਰਾਂ
ਚੱਲ ਚੜ੍ਹੀਏ ਕਿਸੇ ਸਲੀਬ ਤੇ
ਵਾਂਗ ਈਸਾ ਜਰੀਏ ਪੀੜਾਂ
ਚੱਲ ਬਣੀਏ ਖ਼ਾਲਸ ਹੋ ਗੋਬਿੰਦ
ਹੱਥ ਫੜੀਏ ਸੱਚ ਸ਼ਮਸ਼ੀਰਾਂ
ਚੱਲ ਮੂਸਾ ਬਣ ਕੇ ਵੇਖੀਏ
ਲਾਈਏ ਸਾਗਰ ਵਿੱਚ ਲਕੀਰਾਂ
ਚੱਲ ਬਣੀਏ ਵਾਰਿਸ ਸ਼ਾਹ, ਬੁੱਲ੍ਹਾ
ਕਰੀਏ ਜੱਗ ਇਸ਼ਕ ਤਕਰੀਰਾਂ
ਚੱਲ ਬੰਦੇ ਹੋ ਬੰਦੇ ਲੱਭੀਏ
ਸਾਨੂੰ ਲੱਭਣਾ ਔਲੀਏ ਪੀਰਾਂ...
ਵੇ ਸਾਨੂੰ ਲੱਭਣਾ ਔਲੀਏ ਪੀਰਾਂ
ਜੇ ਮਨ ਰੰਗਿਆ ਰੰਗ ਫ਼ਕੀਰਾਂ
ਚੱਲ ਲੱਭੀਏ ਰੰਗ ਫ਼ਕੀਰਾਂ
ਮਨ ਰੰਗੀਏ ਰੰਗ ਫ਼ਕੀਰਾਂ