ਰੰਗ ਰੰਗੀਲਾ ਚਰਖਾ ਸਾਡਾ

ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ

ਜਾਓ ਜਗਾਵੋ ਫਜਰਾਂ ਦਾ ਤਾਰਾ, ਪੂਣੀ ਮੁਕਦੀ ਜਾਏ

ਜੋਟੇ ਵੀ ਮੁੱਕ ਗਏ, ਛੋਪੇ ਵੀ ਮੁੱਕ ਗਏ, ਗੋੜਿਆਂ ਦੇ ਮੁੱਕ ਗਏ ਢੇਰ

ਅਜੇ ਨਾ ਮੁੱਕੀਆਂ ਕਾਲੀਆਂ ਰਾਤਾਂ, ਅਜੇ ਨਾ ਡੁੱਬੇ ਹਨੇਰ

ਕਿਰਨਾਂ ਨਾਲ ਖੇਡਦਾ ਰਾਂਝਾ, ਕਿਰਨ ਕੋਈ ਲਮਕਾਏ

ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ

ਕੱਢ ਕੱਢ ਮੁਕ ਗਈਆਂ ਲੰਮੀਆਂ ਤੰਦਾਂ, ਗੌਂ ਗੌਂ ਮੁਕ ਗਏ ਗੀਤ

ਮੁਕ ਨਾ ਜਾਵੇ ਗ਼ਮ ਜਿੰਦੜੀ ਦਾ, ਜਿੰਦੜੀ ਦੀ ਕੀ ਪ੍ਰਤੀਤ

ਜਿਸਨੇ ਲੰਮੀਆਂ ਰਾਤਾਂ ਦਿੱਤੀਆਂ, ਗ਼ਮ ਵੀ ਲੰਮੇ ਲਾਏ

ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ

ਹੰਭ ਗਈ ਚਰਖੇ ਦੀ ਹੱਥੀ, ਡਿਗ ਡਿਗ ਪੈਂਦੀ ਮਾਲ੍ਹ

ਟੁੱਟ ਟੁੱਟ ਪੈਂਦੀਆਂ ਮੁੜਕਾ ਕਣੀਆਂ, ਦੇ ਦੇ ਲਿਸ਼ਕ ਰਵਾਲ

ਜੀਊਣ ਮਰਨ ਇਹ ਆਸ਼ਾ ਲਿਸ਼ਕਾਂ, ਜਿਉਂ ਥਲ ਰਾਹਾਂ ਸਾਏ

ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ

ਗੇੜੋ ਵੇ ਅੜਿਓ, ਗੇੜੋ ਨੈਣੋਂ, ਖੂਹ ਹੰਝੂਆਂ ਦਾ ਗੇੜੋ

ਟਿੰਡਾਂ ਭਰ ਭਰ ਚਾਨਣ ਕੱਢੋ, ਕਾਲਖਾਂ ਧੋ ਨਬੇੜੋ

ਕਿਰਨ ਊਸ਼ਾ ਦੀ, ਵਿਹੜਾ ਸਾਡਾ, ਕਿਧਰੇ ਆਣ ਖਿੜਾਏ

ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ

📝 ਸੋਧ ਲਈ ਭੇਜੋ