ਰਸਰਸਾਂ ਦੀ, ਪਟਰਾਣੀ ਹੈ
ਇਹ ਜੋ ਤੇਰੀ ਰਸਨਾ ਹੈ
ਜੀਵਨ ਜਾਚ ਦੀ ਕੁੰਜੀ ਹੈ
ਇਸ ਹੱਸਣਾ ਜਾਂ ਫਿਰ ਡੱਸਣਾ ਹੈ
ਸ਼ਮਸ਼ੀਰ ਤੇ ਤੇਜ ਕਟਾਰੀ ਇਹ
ਲੱਖਾਂ ਦਾ ਲਹੂ ਬਹਾ ਦੇਵੇ
ਇਕ ਵਾਰੀ ਜੇ ਹਿੱਲ ਪਵੇ
ਮਹਾਂਭਾਰਤ ਤੱਕ ਕਰਵਾ ਦੇਵੇ
ਚੁਗਲੀ ਕਰੇ ਤਾਂ ਇੱਕ ਛਿਣ ਵਿੱਚ
ਯਾਰਾਂ ਨੂੰ ਖ਼ਾਰ ਬਣਾ ਛੱਡੇ
ਉਮਰਾਂ ਦੀ ਲਾਈ ਯਾਰੀ ਨੂੰ
ਝੱਟ ਮਿੱਟੀ ਵਿਚ ਮਿਲਾ ਛੱਡੇ
ਇਹ ਰਸਨਾ ਜੇ ਸੱਚ ਰਸ ਮਾਣੇ
ਇਹ ਮਿੱਠਾ ਮਿੱਠਾ ਬੋਲੇ ਜੇ
ਚੰਗਿਆਈਆਂ ਦੀ ਪਾਤਰ ਹੋਵੇ
ਤੋਲੇ ਤੇ ਫਿਰ ਬੋਲੇ ਜੇ
ਸਭ ਹਿਰਦੇ ਰੱਬੀ ਹੁੰਦੇ ਨੇ
ਇਹ ਸੱਚ ਨੂੰ ਜੇ ਪਛਾਣ ਲਵੇ
ਕਦੇ ਕੌੜਾ ਬੋਲ ਇਹ ਬੋਲੇ ਨਾ
ਇਕ ਵਾਰੀ ਜੇ ਇਹ ਠਾਣ ਲਵੇ
ਜੀ ਕਹਿਣਾ ਸਾਡਾ ਵਿਰਸਾ ਹੈ
ਅਸੀਂ ਤੂੰ ਤੂੰ ਦੇ ਵਿਉਪਾਰੀ ਨਹੀਂ
ਪਿੰਡ ਦੇ ਸੱਭ ਸਾਡੇ ਆਪਣੇ ਨੇ
ਸਾਡੀ ਵੱਖਰੀ ਰਿਸ਼ਤੇਦਾਰੀ ਨਹੀਂ
ਐ ਜੀਭਾ! ਤੂੰ ਅੰਨਰਸ ਛੱਡ ਕੇ ਤੇ
ਰੱਬ ਦੇ ਸੋਹਿਲੇ ਗਾਇਆ ਕਰ
‘ਉੱਪਲ’ ਤੂੰ ਜਿਸ ਦੀ ਬਖਸ਼ਿਸ਼ ਹੈਂ
ਉੱਸੇ ਦਾ ਸ਼ੁਕਰ ਮਨਾਇਆ ਕਰ।