ਰਸਤੇ ਹੀ ਨਿਗਲ ਜਾਂਦੇ ਜਿਹਨਾਂ ਮੁਸਾਫਿਰਾਂ ਨੂੰ।
ਰਹਿੰਦੀ ਉਡੀਕ ਹਰਦਮ ਉਹਨਾਂ ਦੀ ਪਰ ਘਰਾਂ ਨੂੰ।
ਨਾਨਕ ਦੇ ਰਾਹ 'ਤੇ ਚੱਲ ਕੇ ਹੀ ਮੁਕਤ ਹੋ ਸਕਾਂਗਾ,
ਹੈ ਮੰਗ ਵਕਤ ਦੀ ਕਿ ਵੰਗਾਰ ਬਾਬਰਾਂ ਨੂੰ।
ਕਾਹਦੇ ਤੇ ਮਾਣ ਕਰੀਏ ਹਾਂ ਦਾਇਰਿਆਂ 'ਚ ਬੱਝੇ,
ਹੈ ਹੁਕਮ ਉੱਡਣੇ ਦਾ, ਨਹੀਂ ਖੋਲ੍ਹਣਾ ਪਰਾਂ ਨੂੰ।
ਪਥਰਾਅ ਗਏ ਨੇ ਕਿੱਥੇ ਦੁਨੀਆਂ ਨੂੰ ਗਾਹੁਣ ਵਾਲੇ,
ਹੈ ਇੰਤਜ਼ਾਰ ਚਿਰ ਤੋਂ ਗ਼ਮ ਮਾਰਿਆਂ ਦਰਾਂ ਨੂੰ।
ਰਸਤੇ ਤਾਂ ਮੈਨੂੰ 'ਵਾਜਾਂ ਪਏ ਮਾਰਦੇ ਬਥੇਰੇ,
ਕਿੰਜ ਮੋਢਿਆਂ ਤੋਂ ਲਾਹਵਾਂ ਮੈਂ ਚਾਂਭਲੇ ਡਰਾਂ ਨੂੰ।
ਘਰ ਤੋਂ ਨਿਕਲ਼ਦਾਂ ਜਦ ਮੈਂ, ਘਰ ਨਾਲ਼ ਨਾਲ਼ ਤੁਰਦੈ,
ਘਰ ਮੁੜਦਿਆਂ ਲਿਆਉਨਾਂ ਮੈਂ ਨਾਲ ਦਫ਼ਤਰਾਂ ਨੂੰ।
ਹਰ ਪਿਆਸ ਇਹ ਬੁਝਾਉਂਦੇ ਆਏ ਯੁਗਾਂ ਯੁਗਾਂ ਤੋਂ,
ਇਵਜ਼ਾਨਿਆਂ 'ਚ ਮਿਲਦੇ ਪੱਥਰ ਹੀ ਸਰਵਰਾਂ ਨੂੰ।
ਕੁਝ ਹਰਫ਼ ਨੇ ਧੜਕਦੇ ਤੇ ਦਿਲ ਮੁਹੱਬਤੀ ਹੈ,
ਮੈਂ ਹੋਰ ਕੀ ਦੇ ਸਕਦਾਂ ਦਿਲਦਾਰ ਮਿੱਤਰਾਂ ਨੂੰ।