ਰਾਤ ਹਿਜ਼ਰ ਦੀ ਮੁੱਕੇ

ਰਾਤ ਹਿਜ਼ਰ ਦੀ ਮੁੱਕੇ ਨਾਹੀ,

ਮੈਂ ਲੱਖਾਂ ਦੀਪ ਜਲਾਏ ਨੀ ਜਿੰਦੇ ਮੇਰੀਏ।

1. 

ਰਾਤ ਹਨੇਰੀ ਵਾਟ ਲਮੇਰੀ,

ਹੁਣ ਪੰਧ ਨੂੰ ਕੌਣ ਮੁਕਾਏ ਨੀ ਜਿੰਦੇ ਮੇਰੀਏ।

ਜਿਉਂ ਜਿਉਂ ਤੁਰਾਂ ਮੈਂ ਵੱਲ ਮੰਜ਼ਿਲ ਦੇ,

ਮੰਜ਼ਿਲ ਭੱਜਦੀ ਜਾਏ ਨੀ ਜਿੰਦੇ ਮੇਰੀਏ।

ਕਿਰਨ ਆਸ ਦੀ ਅਜੇ ਵੀ ਚਮਕੇ,

ਚਾਹੇ ਬੱਦਲ ਨਿਰਾਸਾ ਦੇ ਛਾਏ ਨੀ ਜਿੰਦੇ ਮੇਰੀਏ।

ਰਾਤ ਹਿਜ਼ਰ ਦੀ ਮੁੱਕੇ ਨਾਹੀ,

ਮੈਂ ਲੱਖਾਂ ਦੀਪ ਜਲਾਏ ਨੀ ਜਿੰਦੇ ਮੇਰੀਏ।

2. 

ਮੂੰਹ ਅਨ੍ਹੇਰਾ ਸਰਘੀ ਵੇਲਾ,

ਸੂਰਜ ਬੁੱਕਲ ਲਾਹੇ ਨੀ ਜਿੰਦੇ ਮੇਰੀਏ।

ਧਰਤੀ ਨੂੰ ਤਾਂ ਚਾਨਣ ਵੰਡਦਾ,

ਕੋਈ ਕਿਰਣ ਅਸਾਂ ਵੱਲ ਆਏ ਨੀ ਜਿੰਦੇ ਮੇਰੀਏ।

ਲੋਕਾਂ ਨੂੰ ਤਾਂ ਖੁਸ਼ੀਆਂ ਵੰਡਦਾ,

ਗਮ ਸਾਡੀ ਝੋਲੀ ਪਾਏ ਨੀ ਜਿੰਦੇ ਮੇਰੀਏ।

ਰਾਤ ਹਿਜ਼ਰ ਦੀ ਮੁੱਕੇ ਨਾਹੀ,

ਮੈਂ ਲੱਖਾਂ ਦੀਪ ਜਲਾਏ ਨੀ ਜਿੰਦੇ ਮੇਰੀਏ।

3. 

ਰਾਤ ਅਨ੍ਹੇਰੀ ਤਾਰਾ ਟੁੱਟਿਆ,

ਇਹ ਟੁੱਟ ਧਰਤੀ ਵੱਲ ਆਏ ਨੀ ਜਿੰਦੇ ਮੇਰੀਏ।

ਕੀ ਜਾਣਾ ਦਿਲ ਤਾਰਾ ਟੁੱਟ ਜਾਏ,

ਇਹ ਕਿਸ ਧਰਤੀ ਵੱਲ ਜਾਏ ਨੀ ਜਿੰਦੇ ਮੇਰੀਏ।

ਨਾ ਜਾਣੇ ਤਾਰੇ ਦਾ ਟੁੱਟਣਾ ਨਾ ਸਮਝਾਂ ਦਿਲ ਤਾਰਾ ਕੀ ਹੈ,

ਫਿਰ ਕੌਣ ਆਣ ਸਮਝਾਏ ਨੀ ਜਿੰਦੇ ਮੇਰੀਏ।

ਰਾਤ ਹਿਜ਼ਰ ਦੀ ਮੁੱਕੇ ਨਾਹੀ,

ਮੈਂ ਲੱਖਾਂ ਦੀਪ ਜਲਾਏ ਨੀ ਜਿੰਦੇ ਮੇਰੀਏ।

4. 

ਚੰਨ ਦਾ ਚਿਹਰਾ ਇਉਂ ਮੁਰਝਾਇਆ,

ਜਿਉਂ ਹੋਵਣ ਹੰਝੂ ਵਹਾਏ ਨੀ ਜਿੰਦੇ ਮੇਰੀਏ।

ਹੰਝੂ ਟਪਕਣ ਬਣ ਕੇ ਤਾਰੇ,

ਸੂਰਜ ਹੰਝੂ ਲਾਹੇ ਨੀ ਜਿੰਦੇ ਮੇਰੀਏ।

ਇੰਜ ਹੀ ਦਿਲ ਧਰਤੀ ਦਾ ਸੂਰਜ,

ਕੇ ਗਮ ਮਿਟਾਏ ਨੀ ਜਿੰਦੇ ਮੇਰੀਏ।

ਰਾਤ ਹਿਜ਼ਰ ਦੀ ਮੁੱਕ ਹੁਣ ਜਾਣੀ,

ਮੈਂ ਲੱਖਾਂ ਦੀਪ ਬੁਝਾਏ ਨੀ ਜਿੰਦੇ ਮੇਰੀਏ।

📝 ਸੋਧ ਲਈ ਭੇਜੋ