ਰਾਤੀਂ ਮੇਰੇ ਨਾਲ ਗੁਜ਼ਾਰਨ

ਰਾਤੀਂ ਮੇਰੇ ਨਾਲ ਗੁਜ਼ਾਰਨ ਦੀ ਜਦ ਨੌਬਤ ਆਈ ਹੈ। 

ਮੈਥੋਂ ਆਪਣਾ ਹੱਥ ਛੁਡਾ ਕੇ ਤੁਰ ਚੱਲੀ ਤਨਹਾਈ ਹੈ।

ਬੌਣੇ ਲੋਕਾਂ ਦਾ ਹਾਣੀ ਉਹ ਸ਼ਖ਼ਸ ਕਦੀ ਨਾ ਬਣ ਸਕਿਆ, 

ਉਸ ਨੂੰ, ਉਸ ਦਾ ਆਪਣਾ ਕਦ ਹੀ ਦੇ ਚੱਲਿਆ ਰੁਸਵਾਈ ਹੈ। 

ਨਾ ਤਾਂ ਉਸ ਵਿਚ ਸੇਕ ਸੀ ਨਾ ਚਾਨਣ ਹੀ ਸਿਖਰ ਦੁਪਹਿਰੀ ਦਾ, 

ਧੁੱਪ ਅਮਾਨਤ ਧਰਤੀ ਦੀ ਜੋ ਪੁੰਨਿਆ ਨੇ ਪਰਤਾਈ ਹੈ।

ਪੈਰੀਂ ਛਾਲੇ ਹੋਠ ਪਿਆਸੇ ਸਿਰ ਤੇ ਪਾਣੀ ਦੀ ਗਗਰੀ, 

ਕਮਲੀ ਮਾਲਣ ਮਾਰੂਥਲ ਵਿਚ ਮਰੂਆ ਬੀਜਣ ਆਈ ਹੈ

ਮੈਥੋਂ ਦੂਰ ਵਸੰਦਿਆ ਮਿੱਤਰਾ ਇਹ ਰਿਸ਼ਤਾ ਕੀ ਰਿਸ਼ਤਾ ਹੈ

ਪੱਥਰ ਤੈਨੂੰ ਵੱਜੇ ਨੇ ਪਰ ਅੱਖ ਮੇਰੀ ਪਥਰਾਈ ਹੈ।

ਮੇਰੇ ਵਾਰਸ, ਮੇਰੇ ਪੀਲੂ, ਮੇਰੇ ਬਾਹੂ ਦੱਸਣਾ ਜੀ, 

‘ਕੇਸ਼ੀ' ਕਿਉਂ ਬਲ ਬਲ ਉਠਦਾ ਹੈ ਵਗਦੀ ਜਾਂ ਪਰਵਾਈ ਹੈ।

📝 ਸੋਧ ਲਈ ਭੇਜੋ