ਤੇਰੀ 'ਵਾਜ ਮਿਰੇ ਅਸਮਾਨੋ
ਉਤਰੀ ਵਾਂਗ ਫ਼ਕੀਰਾਂ,
ਦਰਗਾਹਾਂ ਦੇ ਪੱਤਣਾਂ ਉੱਤੇ
ਤੱਕਿਆ ਭਰਿਆਂ ਨੀਰਾਂ।
ਮਿਰੇ ਗੁਨਾਹ ਦੇ ਹੱਥਾਂ ਨੂੰ ਤੱਕ
ਅਰਜ਼ ਤੇਰੀ ਇਕ ਆਈ,
ਘੁੱਟੇ ਸ਼ਹੁ ਦਰਿਆ ਦੇ ਪਾਣੀ
ਕਿਸੇ ਚੀਖ ਤਿਰਹਾਈ।
ਡੂੰਘੀ ਸੰਞ ਅੰਬਾਂ ਦੀ ਛਾਵੇਂ
ਡੰਗ ਜ਼ਿਮੀਂ ਦੇ ਰੁੰਨੇ,
ਹਰਿਆ ਰੰਗ ਜ਼ਿਮੀਂ ਦਾ ਸਾਰਾ
ਨੈਣ ਤਕੇਂਦਾ ਸੁੰਨੇ।
ਸੰਞ ਨੇ ਜਾਨ ਫੜੀ ਜਦ ਮੇਰੀ
ਬਾਜ਼ਾਂ ਅਉਧ ਰੁਲਾਣੀ,
ਨੈਣਾਂ ਮਿਹਰ ਨਾਲ ਕੁਝ ਤੱਕਿਆ
ਪੈਰ ਵਗੇ ਬਣ ਪਾਣੀ।
ਸ਼ਾਹ ਰਗ ਨਾਲ ਕਾਲ ਦੇ ਲਾ ਕੇ
ਜ਼ਿਮੀਂ ਸਬਰ ਵੰਗਾਰੇ,
ਰੁੰਗ ਵਿਚ ਹੌਲ ਪਵੇ ਆ ਕਿਧਰੋਂ
ਰਿੰਮ ਝਿੰਮ ਤਖ਼ਤ ਹਜ਼ਾਰੇ।
ਝਿੰਮ ਝਿੰਮ ਹੌਲ ਕਿਰੇ ਅੰਬਰ ਤੋਂ
ਚੜੇ ਗਹਿਰ ਰੋਹ ਭਾਰੇ,
ਬਨਬਾਸੀ ਬਿਰਖਾਂ ਦੇ ਰੋਸੇ
ਦਰਵੇਸ਼ਾਂ ਦੇ ਦੁਆਰੇ।
ਦਿਲ ਦਾ ਸੇਕ ਧਰਤ ਦੀ ਰਗ ਵਿਚ
ਲਾਲ ਥੰਮ੍ਹ ਹੋ ਖੜਿਆ,
ਲਰਜ਼ਾ ਮੇਲ੍ਹ ਰਿਹਾ ਧਰ-ਵਿਹੜੇ
ਤੋੜ ਬਿਰਖ ਕੋਈ ਹਰਿਆ।
ਜਦੋਂ ਤਿਹਾਈ ਖ਼ਾਕ ਨੇ ਘੁੱਟੀ
ਅੰਗ ਤਿਰੇ ਦੀ ਲੋਏ,
ਵਿਚ ਮਜ਼ਾਰਾਂ 'ਵਾਜ ਸੁਣੀ ਇਕ
ਸ਼ੁਤਰ-ਸੁਆਰ ਖਲੋਏ।
ਜਦੋਂ ਜ਼ਖ਼ਮ ਦੀ ਆਖ਼ਿਰ ਲੱਥੀ
ਫ਼ਜਰ ਕੂੰਜ ਜਿਉਂ ਮੋਈ,
ਮਾਰੀ ਸੱਦ ਕਿਸੇ ਨੇ ਦੂਰੋਂ
ਚੋਗ ਚੁਗਣ ਲਈ ਕੋਈ