ਮੇਰੇ ਬੱਚੇ ਜਦੋਂ ਦੇ ਪਰਦੇਸ ਗਏ ਨੇ
ਮੇਰੀਆਂ ਤਲੀਆਂ 'ਤੇ
ਰੇਖਾਵਾਂ ਦਾ ਜੰਗਲ ਉਗ ਆਇਆ ਹੈ
ਜਿਸ ਵਿਚ
ਮੇਰੀ ਕਿਸਮਤ ਦੀ ਰੇਖਾ
ਗੁਆਚ ਗਈ ਹੈ
ਉਮਰ ਦੀ ਰੇਖਾ ਨੂੰ ਵੀ
ਰਾਹ ਨਹੀਂ ਲੱਭਦਾ
ਅਕਲ ਦੀ ਰੇਖਾ
ਡਿਪਰੈਸ਼ਨ ਦੇ ਨਦੀਨ ਹੇਠਾਂ
ਸੁੱਕਦੀ ਜਾ ਰਹੀ ਹੈ
ਤੇ ਧਨ ਦੀ ਰੇਖਾ
ਇਸ ਸਾਰੇ ਕਾਸੇ ਨੂੰ
ਸੋਧਣ ਸੰਵਾਰਨ ਦੇ ਆਹਰ ਵਿਚ
ਆਪਣੀ ਸਾਰੀ ਸੱਤਿਆ
ਮੁਕਾ ਬੈਠੀ ਹੈ
ਇਹ ਸਾਰੀਆਂ ਰੇਖਾਵਾਂ
ਸੰਤਾਨ ਦੀਆਂ ਰੇਖਾਵਾਂ ਨੂੰ
ਗੂੜ੍ਹੀਆਂ ਰੱਖਣ ਲਈ
ਫਿੱਕੀਆਂ ਪੈ ਰਹੀਆਂ ਨੇ
ਬੱਚਿਆਂ ਨੂੰ ਮੇਰੀ ਮਮਤਾ 'ਚੋਂ
ਹੁਣ ਪਹਿਲਾਂ ਵਾਲਾ
ਧਰਵਾਸ ਨਹੀਂ ਮਿਲਦਾ
ਉਹਨਾਂ ਨੇ
ਸੁੰਦਰ ਗੁਟਕਾ ਭੇਜਣ ਲਈ ਆਖਿਆ ਹੈ..