ਵੇਖ ਰਿਹਾ ਥਲਾਂ ਵਿਚ ਬੈਠਾ 

ਸੰਞਾਂ ਦੇ ਪਰਛਾਵੇਂ। 

ਥਲ ਦੀਆਂ ਪੈੜਾਂ ਹੇਠ ਛਪੇ ਨੇ 

ਪੈਂਡੇ ਦਿਲ ਦੇ ਭਾਵੇਂ।

ਮੈਂ ਅਤੀਤ ਦੇ ਸੁਪਨੇ ਵਿੱਚੋਂ 

ਕੈਂਦੇ ਦਰ ਤੇ ਵੰਝਾਂ

ਮਹਿੰਦੀ-ਰੰਗੀਆਂ ਤਲੀਆਂ ਹੇਠਾਂ 

ਵਣ-ਢੋਕਾਂ ਦੀਆਂ ਸੰਞਾਂ।

ਹੂਰ ਦੀਆਂ ਪਲਕਾਂ 'ਤੇ ਉਤਰਣ 

ਦੂਰ ਝਨਾਂ ਦੀਆਂ ਰੈਣਾਂ, 

ਝਿਮ ਝਿਮ ਵਾਟ ਜਿਨ੍ਹਾਂ ਦੀ ਉੱਤੇ 

ਕਾਫ਼ਲਿਆਂ ਨੇ ਸੈਣਾਂ।

ਉਸਦੇ ਰੂਪ-ਸੁਪਨ ਵਿਚ ਸੁੱਤੀ 

ਚੁੱਪ ਇਲਾਹੀ ਬਾਣੀ।

ਥਲ-ਸੰਞਾਂ ਦੇ ਸੀਨੇ ਲਹਿਰਣ 

ਜਿਉਂ ਜ਼ਮਜ਼ਮ ਦੇ ਪਾਣੀ।

ਕਾਲਿਆਂ ਕੇਸਾਂ ਦੇ ਘੁੰਡ ਉਹਲੇ 

ਮੋਨ ਫ਼ਕੀਰੀ ਵਾਟਾਂ, 

ਸੰਘਣੇ ਵਣੀਂ ਜਿਉਂ ਭੇਦ ਦਿਲਾਂ ਦੇ 

ਬੈਠ ਛੁਪਾਵਣ ਰਾਤਾਂ।

ਬੰਨ੍ਹੀਆਂ ਰੁੱਤਾਂ ਥਲਾਂ ਨੇ

ਹੂਰ ਦੀ ਵੀਣੀ। 

ਅਣਦਿੱਸ ਰੂਹਾਂ ਨਾਲ ਲੈ 

ਚੱਲ ਵਾਟ ਉਡੀਣੀ।

ਹਰ ਦੇ ਨੈਣੀਂ ਵੱਸਦਾ 

ਕੋਈ ਅੰਬਰ ਪਿਆਰਾ, 

ਵਗਿਆ ਝਿਮ ਝਿਮ ਵਿਚ ਮੈਂ 

ਹੋ ਅਣਦਿੱਸ ਤਾਰਾ।

ਅੰਬਰੀਂ ਜਦੋਂ ਤਾਰਿਆਂ ਵਾਲੀ 

ਕਲਵਲ ਲੜੀ ਸੀ ਟੁੱਟੀ,

ਭਾਸ਼ਣ ਨਾਦ ਬਿਜਲੀਆਂ ਦੇ ਵਿਚ 

ਪਰੀ ਇੰਞ ਇਹ ਸੁੱਤੀ :

ਵਣ-ਝਖੜਾਂ ਦੇ ਮਸਤਕ ਉੱਤੇ 

ਜਿਉਂ ਕੋਈ ਤ੍ਰੇਲ ਸੁਹਾਣੀ, 

ਖ਼ਾਬ ਦੀਆਂ ਪੱਤੀਆਂ 'ਤੇ ਸਾਂਭੇ 

ਸੈ ਜਨਮਾਂ ਦੇ ਪਾਣੀ।

ਦਿਸਹੱਦੇ ਤੋਂ ਥਲ ਨੂੰ ਤੱਕਿਆ 

ਬਲ ਬਲ ਉਠ ਉਠ ਕੇਚਾਂ।

ਦੋ ਪੈਰਾਂ ਦੀਆਂ ਸੰਞਾਂ ਸੀਨੇ 

ਨਸ ਪਈਆਂ ਤਦ ਰੇਖਾਂ।

ਅਣਦਿੱਸ ਥਲ ਵਿਚ ਹੰਝਾਂ ਭਰਦੇ 

ਕੌਮਾਂ ਦੇ ਸਿਰਨਾਵੇਂ। 

ਹੂਰ ਦਿਆਂ ਅੰਗਾਂ 'ਤੇ ਪੈਂਦੇ 

ਸਦੀਆਂ ਦੇ ਪਰਛਾਵੇਂ।

ਕਿਸੇ ਨੈਂ ਦਾ ਬੋਲ ਪੁਰਾਣਾ 

ਭਟਕ ਰਿਹਾ ਥਲ ਸੀਨੇ। 

ਖੰਡਰਾਂ ਉੱਤੋਂ ਉਠ ਉਠ ਆਏ 

ਥਲੀਂ ਉਦਾਸ ਮਹੀਨੇ।

ਸੰਞ ਨੂੰ ਹੂਰ ਦਾ ਮਸਤਕ ਛੋਹਿਆ 

ਕਿਸੇ ਫ਼ਜਰ ਦੀਆਂ ਲੋਆਂ। 

ਪੈਂਡੇ ਕੱਟ ਕੇ ਥਲ ਵਿਚ ਮਿਲੀਆਂ 

ਅਣਸੁਣੀਆਂ ਕੰਨਸੋਆਂ।

ਕਿਸੇ ਦਾਰ ਤੋਂ ਉਤਰ ਕੇ ਆਈਆਂ 

ਚੁੱਪ ਅਡੋਲ ਦੁਆਵਾਂ। 

ਹੂਰ ਦਿਆਂ ਹੱਥਾਂ ਨੂੰ ਚੁੰਮ੍ਹਿਆ 

ਝੁਕ ਸੰਞਾਂ ਦੀਆਂ ਛਾਵਾਂ।

ਗੱਲ ਕਰੇ ਰਾਹੀਆਂ ਸੰਗ ਮੇਰੀ, 

ਰਾਤਾਂ ਵਿਚ ਨਾਬੀਨਾ। 

ਪੀਲੂਆਂ ਵਾਲੇ ਰਾਹ 'ਤੇ ਬੈਠਾ, 

ਕੋਈ ਉਦਾਸ ਮਹੀਨਾ।

ਘੁੰਮਣ ਹੂਰ ਦੀਆਂ ਵੰਗਾਂ ਵਿਚ, 

ਮੇਰੇ ਦਿਲ ਦੇ ਪੈਂਡੇ। 

ਜਿਨ੍ਹਾਂ ਦੇ ਨਭ-ਵਹਿਣਾਂ ਉੱਤੇ 

ਲੱਖਾਂ ਚਾਨਣ ਪੈਂਦੇ।

ਚੜ੍ਹ ਚੜ੍ਹ ਛਿਪੇ ਸਮੇਂ ਦੇ ਸੂਰਜ, 

ਥਲ ਦਸਦਾ ਰਾਹਵਾਂ। 

ਜਿਤ ਧਿਰ ਨੈਣ ਪਰੀ ਦੇ ਉੱਡਣ, 

ਤਿਤ ਧਿਰ ਜਾਣ ਹਵਾਵਾਂ।

ਮੈਨੂੰ ਹਰ ਦੇ ਸਾਮ੍ਹੇ ਆਈਆਂ, 

ਮੁੜ ਸਾਈਂ ਦੀਆਂ ਯਾਦਾਂ 

ਚੁੰਮ੍ਹ ਸਕੀਆਂ ਰੋ ਰੋ ਜਿਸਦਾ, 

ਪਰਛਾਵਾਂ ਫ਼ਰਿਆਦਾਂ।

ਥਲ ਦੀ ਪਰੀ ਨੂੰ ਦੇਖ ਮੈਂ ਆਖਾਂ, 

“ਕਿੱਥੇ ਅਸਲ ਮੁਹਾਣੇ

ਪੱਤਝੜ ਦੇ ਪੱਤਰਾਂ ਦੇ ਵਾਂਗੂੰ 

ਕੰਬਦੇ ਮਿਰੇ ਟਿਕਾਣੇ।”

“ਤੂੰ ਵਲੀਆਂ ਦੇ ਸੁਪਨੇ ਸੰਦਾ," 

ਹੂਰ ਕਹੇ "ਨਾਂਹ ਹਾਣੀ। 

ਤਾਂਹੀਉਂ ਤੈਨੂੰ ਦਿਸ ਨਹੀਂ ਸਕਦੇ, 

ਸਦਾ-ਉਮਰ ਦੇ ਹਾਣੀ।”

“ਸਾਈਂ ਏਸ ਪਾਰ ਆਵੇ," 

ਹੂਰ ਕਹੇ ਸ਼ਰਮਾ ਕੇ।

“ਮੌਤ ਦੇ ਰਾਹ ਜਦ ਦਿਲ ਵੇਖੇ, 

ਦੀਦ ਹੁਸਨ ਦੀ ਚਾ ਕੇ।”

“ਪੈਂਡੇ ਕਵਣ ਦੂਰ ਵੱਲ ਵੇਖੇ,” 

ਪੁਛਿਅਮੁ ਹੋਇ ਨਿਮਾਣਾ। 

“ਲੰਮੀ ਨਦੀ ਦੇ ਪੱਤਣਾਂ ਨੇ ਵੀ, 

ਜਦ ਆਖ਼ਰ ਖੁਰ ਜਾਣਾ ?"

📝 ਸੋਧ ਲਈ ਭੇਜੋ