ਰਿਸ਼ਤੇ ਜੇ ਪਿੰਜਰੇ ਨਾ ਹੁੰਦੇ
ਤਾਂ ਅਸੀਂ ਦੂਰੋਂ ਦੂਰੋਂ
ਉਡਕੇ ਆਉਂਦੇ
ਆਲ੍ਹਣੇ ਫੇਰ ਕਿੰਨੇ ਅੱਛੇ ਲਗਣੇ ਸਨ
ਜੇ ਰਿਸ਼ਤੇ ਟਾਹਣੀਆਂ ਵਰਗੇ ਹੁੰਦੇ
ਅਸੀਂ ਉਨ੍ਹਾਂ ਤੇ ਆਲ੍ਹਣੇ ਪਾ ਸਕਦੇ
ਜੀ ਕਰਦਾ ਉਡ ਜਾਂਦੇ
ਜੀ ਕਰਦਾ ਮੁੜ ਆਉਂਦੇ
ਟਾਹਣੀਆਂ ਦਾ ਸੁਖ ਅਸੀਂ ਜਾਣ ਸਕਦੇ
ਜੇ ਅਸੀਂ ਉਡਕੇ ਆਉਂਦੇ
ਜੇ ਅਸੀਂ ਉਡ ਸਕਦੇ
ਅਸੀਂ ਲੋਟਣੀਆਂ ਲਾਉਂਦੇ
ਦੂਰ ਅਸਮਾਨਾਂ ਵਿੱਚ
ਕਦੇ ਕਦੇ ਗੁੰਮ ਜਾਂਦੇ
ਫੇਰ ਲੱਭਦੇ ਆਪਣੀਆਂ ਟਾਹਣੀਆਂ ਨੂੰ
ਆਲ੍ਹਣਿਆਂ ਨੂੰ
ਅਸੀਂ ਬਹੁਤ ਦੂਰ ਜਾ ਕੇ ਵੀ
ਮੁੜ ਆਉਂਦੇ
ਹੁਣ ਅਸੀਂ ਉਡਦੇ ਨਹੀਂ ਹਾਂ
ਪੂਰੇ ਖੰਭਾਂ ਨਾਲ
ਖਿਆਲਾਂ ਨਾਲ ਉਡਦੇ ਹਾਂ
ਪਿੰਜਰੇ ਦੀਆਂ ਵਿਰਲਾਂ ਨੂੰ
ਪਿਆਰ ਕਰਦੇ ਹਾਂ
ਵਿਰਲਾਂ ਚੋਂ ਝਾਕਦੇ
ਸਾਡੇ ਤਨ ਤੇ ਮਨ ਪਾਟ ਗਏ ਹਨ
ਅਸੀਂ ਆਪਣੇ ਆਪ ਤੋਂ
ਜੁਦਾ ਹੋ ਗਏ ਹਾਂ
ਰਿਸ਼ਤੇ ਜੇ ਪਿੰਜਰੇ ਨਾ ਹੁੰਦੇ
ਅਸੀਂ ਪੂਰੇ ਖੰਭਾਂ ਨਾਲ ਉਡਦੇ