(ਸਾਰੇ ਜਹਾਨ ਦੀਆਂ ਧੀਆਂ ਦੇ ਨਾਂ)
ਮੈਂ ਜਦ ਰਿਸ਼ਤਿਆਂ ਦੇ ਖੁਸ਼ਕ ਮਾਰੂਥਲ ਵਿੱਚ
ਭਟਕਦਾ ਭਟਕਦਾ ਥੱਕ ਜਾਂਦਾ ਹਾਂ
ਹਰ ਰਿਸ਼ਤੇ ਦੇ ਸਵਾਰਥੀ ,ਬਨਾਵਟੀ ਨਿਰਮੋਹੇ ਵਤੀਰੇ ਤੋਂ
ਅੱਕ ਜਾਂਦਾ ਹਾਂ
ਸਭ ਸਾਕਾਂ ‘ਤੋਂ ਵਿਸ਼ਵਾਸ ਉੱਠਣ ਲੱਗਦਾ ਹੈ
ਮਨ ਡੋਲਣ ਲੱਗਦਾ ਹੈ
ਇਕਲਾਪੇ ਦੇ ਚੱਕਰਵਿਊ ਵਿੱਚ ਫਸ
ਉਦਾਸ ਹੋ ਜਾਂਦਾ ਹਾਂ
ਤਾਂ
ਵਿਦੇਸ਼ਾਂ ਵਿੱਚ ਬੈਠੀ ਧੀ ਦਾ ਫ਼ੋਨ ਆ ਜਾਂਦਾ ਹੈ
ਪਤਾ ਨਹੀਂ ਉਸਨੂੰ ਮਾਂ ਵਾਂਗ ਬਿਨਾ ਦੱਸੇ
ਦੁੱਖ ਦਾ ਕਿਵੇਂ ਪਤਾ ਲੱਗ ਜਾਂਦਾ ਹੈ
ਲਗਦਾ ਰੱਬ ਨੇ ਧੀ ਨੂੰ
ਮਾਂ ਤੋਂ ਬਚੀ ਮਿੱਟੀ ਨਾਲ਼ ਬਣਾਇਆ ਹੈ
ਉਹ ਜਦ ਫ਼ੋਨ ਕਰਦੀ ਹੈ
ਬਚਪਨ ਦੀਆਂ ਮਾਸੂਮ
ਯਾਦਾਂ ਚੇਤੇ ਕਰਦੀ ਹੈ
ਸਿਹਤ ਦਾ ਖ਼ਿਆਲ ਰੱਖਣ ਦੀ ਤਾਕੀਦ ਕਰਦੀ ਹੈ
ਨਿੱਕੀ ਨਿੱਕੀ ਗੱਲ ਦਾ ਫ਼ਿਕਰ ਕਰਦੀ ਹੈ
ਗੱਲ ਗੱਲ ਤੇ ਵਿਯੋਗ ਵਿੱਚ ਬੀਤਦੀ ਜਾ ਰਹੀ
ਹਯਾਤੀ ਤੇ ਹਉਕਾ ਭਰਦੀ ਹੈ
ਹਿਜ਼ਰ ਵਿੱਚ ਅੱਖਾਂ ਨਮ ਕਰਦੀ ਹੈ
ਮੈਨੂੰ ਜਾਪਦਾ ਹੈ
ਉਹ ਆਪਣੀਆਂ ਛਲਕਦੀਆਂ ਅੱਖਾਂ ਦੇ
ਪਾਕਿ ਸ਼ਫਾਫ ਪਾਣੀ ਨਾਲ
ਉਹ ਰਿਸ਼ਤਿਆਂ ਦੇ ਸੁੱਕਦੇ ਜਾ ਰਹੇ
ਰੁੱਖਾਂ ਦੀ ਸੇਂਜੀ ਕਰਦੀ ਹੈ
ਮੋਹਵੰਤੀ ਕਿਣਮਿਣ ਬਣ ਵਰ੍ਹਦੀ ਹੈ
ਰਿਸ਼ਤਿਆਂ ਤੋਂ ਮੇਰੇ ਡੋਲ ਰਹੇ ਮਨ ਲਈ
ਢਾਰਸ ਬਣ ਖੜ੍ਹਦੀ ਹੈ
ਜਦੋਂ ਉਹ ਇੰਜ ਕਰਦੀ ਹੈ
ਮੇਰੀ ਆਤਮਾ ਸ਼ਾਹਦੀ ਭਰਦੀ ਹੈ
ਕਿ ਸਾਰੇ ਰਿਸ਼ਤਿਆਂ ਦੇ ਸਬਜੇ ਤੇ
ਅਜੇ ਸੋਕਾ ਨਹੀਂ ਪਿਆ
ਰਿਸ਼ਤਿਆਂ ਦੇ ਮਾਰੂ ਰੇਗਿਸਤਾਨ ਵਿੱਚ ਵੀ
ਕੋਈ ਕੋਈ ਬੂਟਾ ਹਰਾ ਹੈ ਅਜੇ ਵੀ
ਧੀਆਂ ਵਰਗਾ
ਨਿਰੋਲ ਨਿਰਛਲ ਪਿਆਰ ਨੂੰ ਨਾਂ ਦੇਣ ਜੋਗਾ
ਰਿਸ਼ਤਿਆਂ ਦੇ ਨਿੱਤ ਦਿਨ ਫੈਲਦੇ ਜਾ ਰਹੇ
ਰੇਤੀਲੇ ਪਥਰੀਲੇ ਪਠਾਰਾਂ ਵਿੱਚ
ਤਪਦੀਆਂ ਤਿੱਖੜ ਦੁਪਹਿਰਾਂ ਵਿੱਚ
ਸਿਰ ਜੋਗੀ ਛਾਂ ਦੇਣ ਜੋਗਾ
ਪਤਾ ਨਹੀਂ ਧਰਤੀ ਕਿਸੇ ਧੌਲ਼ ਦੇ ਸਿੰਗਾਂ ਤੇ
ਟਿਕੀ ਹੋਈ ਹੈ ਕਿ ਨਹੀਂ
ਪਰ ਬੇਗ਼ਰਜ਼ ਨਿਰਛਲ ਪਾਕਿ ਪਿਆਰ ਦੇ
ਰਿਸ਼ਤਿਆਂ ਦੀ ਧਰਤੀ
ਜ਼ਰੂਰ ਧੀਆਂ ਨੇ ਥੰਮ੍ਹੀ ਹੋਈ ਹੈ ।