ਤੂੰ
ਏਨਾ ਲੰਮਾ ਸਮਾਂ ਨਰਾਜ਼ ਨਾ ਰਿਹਾ ਕਰ
ਰਿਸ਼ਤੇ ਵੀ ਘਰਾਂ ਵਰਗੇ ਹੁੰਦੇ ਨੇ
ਜੋ ਬੇਆਬਾਦ ਹੋ ਜਾਂਦੇ ਨੇ
ਜ਼ਿਆਦਾ ਸਮਾਂ ਖਾਲੀ ਰੱਖਣ ਨਾਲ਼
ਉਹਨਾਂ ਅੰਦਰ ਘਾਹ-ਫੂਸ ਉੱਗ ਆਉਂਦਾ ਹੈ
ਜਾਲ਼ੇ ਲੱਗ ਜਾਂਦੇ ਨੇ
ਬੇਚਿਰਾਗ਼ ਪਿੰਡਾਂ ਵਾਂਗ
ਉਹ ਥੇਹ ਬਣਕੇ ਰਹਿ ਜਾਂਦੇ ਨੇ
ਤੂੰ
ਏਨਾ ਲੰਮਾ ਸਮਾਂ ਨਰਾਜ਼ ਨਾ ਰਿਹਾ ਕਰ
ਦੋ ਲਫ਼ਜਾਂ ਦੀ ਮਾਫ਼ੀ ਹੀ
ਕਾਫ਼ੀ ਹੁੰਦੀ ਹੈ
ਰਿਸ਼ਤਿਆਂ ਦੀਆਂ ਇਮਾਰਤਾਂ ਨੂੰ
ਅਬਾਦ ਰੱਖਣ ਲਈ ।