ਰੋ ਰਹੀ ਹੈ ਮੌਤ

ਰੋ ਰਹੀ ਹੈ ਮੌਤ ਮੇਰੀ ਗਾ ਰਹੀ ਹੈ ਜ਼ਿੰਦਗੀ। 

ਇਕ ਤਰਾਨਾ ਪਿਆਰ ਦਾ ਦੁਹਰਾ ਰਹੀ ਹੈ ਜ਼ਿੰਦਗੀ।

ਵੇਖ ਲੈ ਉਹ ਮੋਮਬੱਤੀ ਹੈ ਪਿਘਲਦੀ ਜਾ ਰਹੀ, 

ਜਿਸ ਤਰਾਂ ਕਿ ਹੱਥ ਚੰਨ ਨੂੰ ਲਾ ਰਹੀ ਹੈ ਜ਼ਿੰਦਗੀ।

ਜਿਸ ਤਰਾਂ ਕਿ ਇਕ ਨਦੀ ਸਿੰਜ ਰਹੀ ਰੇਗ਼ਸਤਾਨ, 

ਫਿਰ ਸਮੁੰਦਰ ਦੀ ਤਰਫ਼ ਕਿਉਂ ਜਾ ਰਹੀ ਹੈ ਜ਼ਿੰਦਗੀ।

ਜਿਸ ਤਰ੍ਹਾਂ ਕਿ ਸ਼ੀਸ਼ਿਆਂ 'ਚੋਂ ਅਕਸ ਇਹ ਬਾਹਰ ਦਿਸਨ, 

ਇਸ ਤਰਾਂ ਦੇ ਪੂਰਨੇ ਕੁਝ ਪਾ ਰਹੀ ਹੈ ਜ਼ਿੰਦਗੀ।

ਜਿਸ ਤਰਾਂ ਕਿ ਬਰਫ਼ ਵਿੱਚੋਂ ਫੁਟ ਪਏ ਬੂਟਾ ਕੋਈ, 

ਇਸ ਤਰਾਂ ਮੈਨੂੰ ਧੰਗਾੜੇ ਚਾ ਰਹੀ ਹੈ ਜ਼ਿੰਦਗੀ।

📝 ਸੋਧ ਲਈ ਭੇਜੋ